ਦੱਖਣ ਭਾਰਤੀ ਰਾਜਾਂ ਵਿਚ ਘੱਟ ਰਿਹੈ ਲਿੰਗ ਅਨੁਪਾਤ
2007 ਤੋਂ 2016 ਦੇ ਅੰਕੜਿਆਂ ਮੁਤਾਬਕ ਇਥੇ ਲਿੰਗ ਅਨੁਪਾਤ ਤੇਜ਼ੀ ਨਾਲ ਘੱਟ ਰਿਹਾ ਹੈ। ਕੇਰਲ ਨੂੰ ਛੱਡ ਕੇ ਬਾਕੀ ਦੱਖਣੀ ਰਾਜਾਂ ਦੀ ਹਾਲਤ ਚੰਗੀ ਨਹੀਂ ਹੈ।
ਨਵੀਂ ਦਿੱਲੀ : ਹੁਣ ਤੱਕ ਭਾਰਤ ਦੇ ਹਰਿਆਣਾ, ਰਾਜਸਥਾਨ ਅਤੇ ਪੰਜਾਬ ਜਿਹੇ ਰਾਜਾਂ ਵਿਚ ਹੀ ਲਿੰਗ ਅਨੁਪਾਤ ਨੂੰ ਘੱਟ ਮੰਨਿਆ ਜਾਂਦਾ ਹੈ, ਪਰ ਹੁਣ ਦੱਖਣੀ ਰਾਜਾਂ ਵਿਚ ਵੀ ਅਜਿਹੇ ਹੀ ਅੰਕੜੇ ਸਾਹਮਣੇ ਆਏ ਹਨ। 2007 ਤੋਂ 2016 ਦੇ ਅੰਕੜਿਆਂ ਮੁਤਾਬਕ ਇਥੇ ਲਿੰਗ ਅਨੁਪਾਤ ਤੇਜ਼ੀ ਨਾਲ ਘੱਟ ਰਿਹਾ ਹੈ। ਕੇਰਲ ਨੂੰ ਛੱਡ ਕੇ ਬਾਕੀ ਦੱਖਣੀ ਰਾਜਾਂ ਦੀ ਹਾਲਤ ਚੰਗੀ ਨਹੀਂ ਹੈ।
ਰਜਿਸਟਰਾਰ ਜਨਰਲ ਆਫ਼ ਇੰਡੀਆ ਵੱਲੋਂ ਸਿਵਲ ਰਜਿਸਟਰੇਸ਼ਨ ਸਿਸਟਮ ਤੋਂ ਲਏ ਗਏ ਅਕੰੜਿਆਂ ਤੋਂ ਪਤਾ ਲਗਦਾ ਹੈ ਕਿ 2016 ਵਿਚ ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ਵਿਚ ਲਿੰਗ ਅਨੁਪਾਤ ਦੀ ਹਾਲਤ ਬਹੁਤ ਖਰਾਬ ਰਹੀ। ਇਥੇ ਇਕ ਹਜ਼ਾਰ ਪੁਰਸ਼ਾਂ 'ਤੇ ਔਰਤਾਂ ਦੀ ਗਿਣਤੀ 806 ਹੈ। ਤਾਮਿਲਨਾਡੂ ਇਸ ਮਾਮਲੇ ਵਿਚ 6ਵੇਂ ਨੰਬਰ 'ਤੇ ਹੈ। ਇਥੇ 2007 ਵਿਚ ਪ੍ਰਤੀ ਇਕ ਹਜ਼ਾਰ ਪੁਰਸ਼ਾਂ 'ਤੇ ਔਰਤਾਂ ਦੀ ਗਿਣਤੀ 935 ਹੈ ਜੋ ਘੱਟ ਕੇ 840 ਰਹਿ ਗਈ ਹੈ।
ਵੱਖਰਾ ਰਾਜ ਬਣਨ ਤੋਂ ਪਹਿਲਾਂ 2013 ਦੌਰਾਨ ਤੇਲੰਗਾਨਾ ਵਿਚ ਇਹ ਗਿਣਤੀ 954 ਸੀ ਜੋ ਹੁਣ 881 'ਤੇ ਆ ਗਈ ਹੈ। ਇਹ ਉਹ ਰਾਜ ਹਨ ਜਿਥੇ 100 ਫ਼ੀ ਸਦੀ ਜਨਮ ਦਾ ਰਜਿਸਟਰੇਸ਼ਨ ਹੁੰਦਾ ਹੈ। ਲਿੰਗ ਅਨੁਪਾਤ ਸੱਭ ਤੋਂ ਵੱਧ ਆਂਧਰਾ ਪ੍ਰਦੇਸ਼ ਵਿਚ ਘਟਿਆ ਹੈ, ਜਿਥੇ 2016 ਵਿਚ ਪ੍ਰਤੀ ਇਕ ਹਜ਼ਾਰ ਪੁਰਸ਼ਾਂ 'ਤੇ ਔਰਤਾਂ ਦੀ ਗਿਣਤੀ 806 ਹੈ, ਜੋ ਪਿਛਲੇ ਸਾਲ 971 ਸੀ।
ਆਂਧਰਾ ਵਿਚ ਮਰਦਮਸ਼ੁਮਾਰੀ ਮੁਹਿੰਮ ਦੇ ਜੁਆਇੰਟ ਡਾਇਰੈਕਟਰ ਐਲਐਨ ਪ੍ਰੇਮਾ ਕੁਮਾਰੀ ਦਾ ਕਹਿਣਾ ਹੈ ਕਿ ਤੇਜ਼ੀ ਨਾਲ ਲਿੰਗ ਅਨੁਪਾਤ ਘਟਣ ਦਾ ਕਾਰਨ ਆਂਧਰਾ ਅਤੇ ਤੇਲੰਗਾਨਾ ਵਿਚਕਾਰ ਅਬਾਦੀ ਦੀ ਵੰਡ ਤੋਂ ਪੈਦਾ ਹੋਈ ਖਰਾਬੀ ਹੈ। ਇਹ ਵਿਭਾਜਨ 2013 ਵਿਚ ਹੋਇਆ ਸੀ ਅਤੇ 2015 ਤੱਕ ਇਸ ਵਿਚ ਵੱਡਾ ਬਦਲਾਅ ਨਹੀਂ ਦੇਖਿਆ ਗਿਆ, ਪਰ 2016 ਵਿਚ ਇਹਨਾਂ ਦੋਹਾਂ ਰਾਜਾਂ ਵਿਚ ਲਿੰਗ ਅਨੁਪਾਤ ਘਟਿਆ ਹੈ।
ਤਾਮਿਲਨਾਡੂ ਵਿਚ ਲਿੰਗ ਅਨੁਪਾਤ 2006 ਵਿਚ 939 ਸੀ ਜੋ 2016 ਵਿਚ 840 'ਤੇ ਆ ਗਿਆ, ਇਹ ਗਿਣਤੀ ਹਰਿਆਣਾ ਦੇ 865 ਤੋਂ ਵੀ ਘੱਟ ਹੈ। ਪੱਛਮ ਬੰਗਾਲ, ਓਡੀਸ਼ਾ, ਜੰਮੂ-ਕਸ਼ਮੀਰ ਅਤੇ ਗੋਆ ਵਿਚ ਲਿੰਗ ਅਨੁਪਾਤ ਘੱਟ ਹੋਇਆ ਹੈ। ਬਿਹਾਰ ਵਿਚ ਲਿੰਗ ਅਨੁਪਾਤ 924 ਤੋਂ 837 'ਤੇ ਆ ਗਿਆ ਹੈ ਅਤੇ ਉਤਰ ਪ੍ਰਦੇਸ਼ ਵਿਚ 930 ਤੋਂ 885 ਤੇ। ਦੱਸ ਦਈਏ ਕਿ ਇਥੇ ਸਿਰਫ 60 ਫ਼ੀ ਸਦੀ ਹੀ ਜਨਮ ਰਜਿਸਟਰੇਸ਼ਨ ਹੁੰਦਾ ਹੈ ਅਤੇ ਅੰਕੜੇ ਵੀ ਪੂਰੀ ਤਰ੍ਹਾਂ ਸਹੀ ਨਹੀਂ ਹਨ।