ਹੁਣ ਤੱਕ ਕਿੰਨੇ ਦਲਿਤਾਂ ਅਤੇ ਮੁਸਲਮਾਨਾਂ ਨੂੰ ਮਿਲਿਆ ਭਾਰਤ ਰਤਨ : ਓਵੈਸੀ
ਅਸਦੁਦੀਨ ਓਵੈਸੀ ਨੇ ਕਿਹਾ ਕਿ ਬਾਬਾ ਸਾਹਿਬ ਨੂੰ ਵੀ ਭਾਰਤ ਰਤਨ ਦਿਲ ਤੋਂ ਨਹੀਂ ਸਗੋਂ ਮਜ਼ਬੂਰੀ ਦੀ ਹਾਲਤ ਵਿਚ ਦਿਤਾ ਗਿਆ ਸੀ।
ਨਵੀਂ ਦਿੱਲੀ : ਦੇਸ਼ ਦੇ ਸੱਭ ਤੋਂ ਸੱਭ ਤੋਂ ਵੱਡੇ ਨਾਗਰਿਕ ਸਨਮਾਨ ਭਾਰਤ ਰਤਨ 'ਤੇ ਸਿਆਸਤ ਹੋਰ ਭੱਖਦੀ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ਇਸ ਸਾਲ ਤਿੰਨ ਲੋਕਾਂ ਨੂੰ ਇਹ ਸਨਮਾਨ ਦਿਤੇ ਜਾਣ ਦਾ ਐਲਾਨ ਕੀਤਾ ਗਿਆ ਪਰ ਕਈ ਨੇਤਾਵਾਂ ਨੇ ਇਸ 'ਤੇ ਸਵਾਲ ਖੜੇ ਕਰ ਦਿਤੇ ਹਨ। ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਨੇ ਭਾਰਤ ਰਤਨ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਹੁਣ ਤੱਕ ਜਿਹਨਾਂ ਨੂੰ ਵੀ ਇਹ ਸਨਮਾਨ ਮਿਲਿਆ ਹੈ,
ਉਹਨਾਂ ਵਿਚੋਂ ਕਿੰਨੇ ਦਲਿਤ, ਮੁਸਲਿਮ ਜਾਂ ਆਦਿਵਾਸੀ ਹਨ ? ਇਕ ਪ੍ਰੋਗਰਾਮ ਦੌਰਾਨ ਅਸਦੁਦੀਨ ਓਵੈਸੀ ਨੇ ਕਿਹਾ ਕਿ ਮੈਨੂੰ ਇਹ ਦੱਸੋ ਕਿ ਜਿੰਨੇ ਭਾਰਤ ਰਤਨ ਦੇ ਪੁਰਸਕਾਰ ਦਿਤੇ ਗਏ ਹਨ, ਉਹਨਾਂ ਵਿਚੋਂ ਕਿੰਨੇ ਦਲਿਤ, ਆਦਿਵਾਸੀ, ਮੁਸਲਮਾਨ, ਗਰੀਬਾ, ਉੱਚੀਆਂ ਜਾਤਾਂ ਅਤੇ ਬ੍ਰਾਹਮਣਾਂ ਨੂੰ ਦਿਤੇ ਗਏ। ਉਹਨਾਂ ਕਿਹਾ ਕਿ ਬਾਬਾ ਸਾਹਿਬ ਨੂੰ ਵੀ ਭਾਰਤ ਰਤਨ ਦਿਲ ਤੋਂ ਨਹੀਂ ਸਗੋਂ ਮਜ਼ਬੂਰੀ ਦੀ ਹਾਲਤ ਵਿਚ ਦਿਤਾ ਗਿਆ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਨੇਤਾ ਮਲਿਕਾਰੁਜਨ ਖੜਗੇ ਸਮੇਤ ਕਈ ਹੋਰ ਨੇਤਾਵਾਂ ਨੇ ਭਾਰਤ ਰਤਨ 'ਤੇ ਸਵਾਲ ਖੜੇ ਕੀਤੇ ਸਨ। ਭਾਰਤ ਸਰਕਾਰ ਵੱਲੋਂ ਗਣਤੰਤਰ ਦਿਵਸ ਮਕੇ ਸਾਬਕਾ ਰਾਸ਼ਟਰਪਤੀ ਪ੍ਰਣਵ ਮੁਖਰਜੀ, ਡਾ. ਭੁਪੇਨ ਹਜ਼ਾਰਿਕਾ ਅਤੇ ਨਾਨਾਜੀ ਦੇਸ਼ਮੁਖ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਸੀ। ਭਾਰਤ ਰਤਨ ਦਾ ਇਹ ਸਨਮਾਨ ਦੇਸ਼ ਦਾ ਸੱਭ ਤੋਂ ਵੱਡਾ ਨਾਗਰਿਕ ਸਨਮਾਨ ਹੈ,
ਜੋ ਕਿ ਅਸਾਧਾਰਣ ਕੌਮੀ ਸੇਵਾ ਲਈ ਦਿਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਲੋਕਸਭਾ ਵਿਚ ਕਾਂਗਰਸ ਨੇਤਾ ਮਲਿਕਾਰੁਜਨ ਖੜਗੇ ਨੇ ਵੀ ਭਾਰਤ ਰਤਨ 'ਤੇ ਸਵਾਲ ਕਰਦੇ ਹੋਏ ਕਿਹਾ ਸੀ ਕਿ ਇਕ ਗਾਇਕ ਅਤੇ ਇਕ ਸ਼ਖਸ ਜੋ ਆਰਐਸਐਸ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦਾ ਹੈ ਉਸ ਨੂੰ ਭਾਰਤ ਰਤਨ ਦਿਤਾ ਗਿਆ ਹੈ, ਜੇਕਰ ਇਸ ਦੀ ਤੁਲਨਾ ਕੀਤੀ ਜਾਵੇ ਤਾਂ ਸ਼ਿਵਕੁਮਾਰ ਸਵਾਮੀ ਨੂੰ ਇਹ ਪੁਰਸਕਾਰ ਮਿਲਣਾ ਚਾਹੀਦਾ ਸੀ।
ਯੋਗਗੁਰੂ ਬਾਬਾ ਰਾਮਦੇਵ ਨੇ ਵੀ ਕਿਹਾ ਕਿ ਪਿਛਲੇ 70 ਸਾਲਾਂ ਵਿਚ ਕਿਸੇ ਵੀ ਹਿੰਦੂ ਸੰਤ ਨੂੰ ਭਾਰਤ ਰਤਨ ਕਿਉਂ ਨਹੀਂ ਦਿਤਾ ਗਿਆ। ਉਹਨਾਂ ਕਿਹਾ ਕਿ ਜੇਕਰ ਮਦਰ ਟੇਰੇਸਾ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾ ਸਕਦਾ ਹੈ ਤਾਂ ਮਹਾਂਰਿਸ਼ੀ ਦਇਆਨੰਦ ਅਤੇ ਸਵਾਮੀ ਵਿਵੇਕਾਨੰਦ ਨੂੰ ਇਹ ਪੁਰਸਕਾਰ ਕਿਉਂ ਨਹੀਂ ਮਿਲਣੇ ਚਾਹੀਦੇ।