ਦੋ ਗੁੱਟਾਂ ਵਲੋਂ ਅੰਦੋਲਨ ਖ਼ਤਮ ਕਰਨ ਤੋਂ ਬਾਅਦ 58 ਦਿਨ ਬਾਅਦ ਚਿੱਲਾ ਬਾਰਡਰ ਤੇ ਖੁਲ੍ਹਿਆ ਰਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਾਲ ਕਿਲ੍ਹੇ ‘ਤੇ ਝੰਡਾ ਫਹਿਰਾਉਣ ਵਾਲੇ ਨੂੰ ਕੁਝ ਸੰਗਠਨਾਂ ਨੇ ਕਰੋੜਾਂ ਰੁਪਏ ਦੇਣ ਦੀ ਗੱਲ ਕਹੀ ਸੀ।

Chilla Border

ਨਵੀਂ ਦਿੱਲੀ: ਕਿਸਾਨ ਟਰੈਕਟਰ ਪਰੇਡ ਮੌਕੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਤੋਂ ਬਾਅਦ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਨੇ ਕਿਸਾਨ ਅੰਦੋਲਨ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ। ਮੀਡੀਆ ਨਾਲ ਗੱਲ ਕਰਦਿਆਂ ਕਮੇਟੀ ਦੇ ਮੁਖੀ ਵੀਐਮ ਸਿੰਘ ਨੇ ਕਿਹਾ ਕਿ ਬੀਤੇ ਦਿਨ ਹੋਈ ਹਿੰਸਾ ਵਿਚ ਸਰਕਾਰ ਦੀ ਵੀ ਗਲਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਦੋ ਗੁੱਟ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਨਾਲ ਵੱਖ ਹੋ ਗਏ ਹਨ। ਜਿਸ ਤੋਂ ਬਾਅਦ ਦਿੱਲੀ-ਨੌਇਡਾ ਦੇ ਚਿੱਲਾ ਬਾਰਡਰ 'ਤੇ ਅੰਦੋਲਨ ਖਤਮ ਹੋ ਗਿਆ ਹੈ। ਚਿੱਲਾ ਬਾਰਡਰ ਦਾ ਇਹ ਰਾਹ 58 ਦਿਨ ਤੋਂ ਬੰਦ ਸੀ, ਜੋ ਹੁਣ ਖੋਲ੍ਹ ਦਿੱਤਾ ਗਿਆ ਹੈ।

ਦਿੱਲੀ ਵਿਚ ਹੋਈ ਹਿੰਸਾ ਤੇ ਵੀਐਮ ਸਿੰਘ ਨੇ ਸਵਾਲ ਕੀਤਾ ਕਿ ਜਦੋਂ ਕੋਈ 11 ਵਜੇ ਦੀ ਜਗ੍ਹਾ 8 ਵਜੇ ਨਿਕਲ ਰਿਹਾ ਹੈ ਤਾਂ ਉਸ ਸਮੇਂ ਸਰਕਾਰ ਕੀ ਕਰ ਰਹੀ ਸੀ। ਵੀਐਮ ਸਿੰਘ ਨੇ ਕਿਹਾ ਸਰਕਾਰ ਨੂੰ ਪਤਾ ਸੀ ਕਿ ਲਾਲ ਕਿਲ੍ਹੇ ‘ਤੇ ਝੰਡਾ ਫਹਿਰਾਉਣ ਵਾਲੇ ਨੂੰ ਕੁਝ ਸੰਗਠਨਾਂ ਨੇ ਕਰੋੜਾਂ ਰੁਪਏ ਦੇਣ ਦੀ ਗੱਲ ਕਹੀ ਸੀ। ਉਹਨਾਂ ਕਿਹਾ ਭਾਰਤ ਦੇ ਝੰਡੇ ਦੀ ਮਰਿਯਾਦਾ ਨੂੰ ਜਿਸ ਨੇ ਭੰਗ ਕੀਤਾ, ਉਹ ਗਲਤ ਹੈ ਅਤੇ ਜਿਸ ਨੇ ਭੰਗ ਕਰਨ ਦਿੱਤਾ ਉਹ ਗਲਤ ਹੈ।

ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਠਾਕੁਰ ਭਾਨੂ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਦਿੱਲੀ 'ਚ ਗਣਤੰਤਰ ਦਿਵਸ ਮੌਕੇ ਜੋ ਹੋਇਆ ਉਸ ਤੋਂ ਉਹ ਕਾਫੀ ਦੁਖੀ ਹਨ ਤੇ ਉਨ੍ਹਾਂ ਦੀ ਯੂਨੀਅਨ ਨੇ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ ਹੈ।