ਸਿੰਘੂ 'ਤੇ ਮਾਹੌਲ ਤਣਾਅਪੂਰਨ, ਵੱਡੀ ਗਿਣਤੀ 'ਚ ਲੋਕ ਕਰ ਰਹੇ 'ਬਾਰਡਰ ਖ਼ਾਲੀ ਕਰੋ' ਦੀ ਨਾਅਰੇਬਾਜ਼ੀ
ਹੁਣ ਸਿੰਘੂ ਬਾਰਡਰ ਨੇੜਲੇ ਪਿੰਡਾਂ ਦੇ ਲੋਕਾਂ ਦਾ ਗੁੱਸਾ ਭੜਕ ਰਿਹਾ ਹੈ।
ਨਵੀਂ ਦਿੱਲੀ- 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਹੋਈ ਹਿੰਸਾ ਤੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਏ ਜਾਣ ਤੋਂ ਨਰਾਜ਼ ਕੁਝ ਲੋਕਾਂ ਨੇ ਸਿੰਘੂ ਬਾਰਡਰ 'ਤੇ ਹੰਗਾਮਾ ਕੀਤਾ ਤੇ ਸਿੰਘੂ ਬਾਰਡਰ ਨੂੰ ਖਾਲੀ ਕਰਨ ਲਈ ਨਾਅਰੇਬਾਜ਼ੀ ਕੀਤੀ। ਭੜਕੇ ਲੋਕਾਂ ਦੀ ਨਾਅਰੇਬਾਜ਼ੀ ਕਾਰਨ ਸਿੰਘੂ ਬਾਰਡਰ 'ਤੇ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ।
100 ਦੇ ਕਰੀਬ ਇਨ੍ਹਾਂ ਲੋਕਾਂ ਨੇ ਹੱਥਾਂ 'ਚ ਸਿੰਘੂ ਬਾਰਡਰ ਖ਼ਾਲੀ ਕਰੋ ਦੇ ਬੈਨਰ ਫੜੇ ਹੋਏ ਸਨ ਤੇ ਇਹ ਕਿਸਾਨਾਂ ਖਿਲਾਫ਼ ਆਪਣੀ ਭੜਾਸ ਕੱਢ ਰਹੇ ਸਨ।
ਨੇੜਲੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸਾਨ ਅੰਦੋਲਨ ਦੇ ਹੱਕ ਵਿੱਚ ਹਨ ਪਰ 26 ਜਨਵਰੀ ਨੂੰ ਹੋਈ ਹਿੰਸਾ, ਤਿਰੰਗੇ ਦੇ ਨਿਰਾਦਰ ਤੋਂ ਦੁਖੀ ਹਨ ਤੇ ਹੁਣ ਉਹ ਚਾਹੁੰਦੇ ਹਨ ਕਿ ਸਿੰਘੂ ਬਾਰਡਰ ਖਾਲੀ ਹੋ ਜਾਵੇ। ਪਿੰਡਾਂ ਦੇ ਲੋਕਾਂ ਨੇ ਸਿੰਘੂ ਹੱਦ 'ਤੇ 26 ਜਨਵਰੀ ਦੀ ਇਸ ਘਟਨਾ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਕਈ ਕਿਸਾਨ ਆਗੂਆਂ ‘ਤੇ ਪਰਚੇ ਦਰਜ ਕੀਤੇ ਗਏ। ਦਿੱਲੀ ਪੁਲਿਸ ਦੀ ਐਫਆਈਆਰ ਵਿਚ ਕਿਸਾਨ ਆਗੂਆਂ 'ਤੇ ਕਿਸਾਨ ਟਰੈਕਟਰ ਪਰੇਡ ਸਬੰਧੀ ਐਨਓਸੀ ਦੀ ਉਲੰਘਣਾ ਲਈ ਮਾਮਲੇ ਦਰਜ ਕੀਤੇ ਗਏ ਹਨ। ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਤੇ ਹਿੰਸਾ ਅਤੇ ਤੋੜ-ਫੋੜ ਵਿਚ ਦਿੱਲੀ ਪੁਲਿਸ ਦੇ 394 ਜਵਾਨ ਜ਼ਖਮੀ ਹੋਏ ਹਨ।