CM ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਬੱਸੀ ਪਠਾਣਾਂ ਤੋਂ ਆਜ਼ਾਦ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ
ਮਨੋਹਰ ਸਿੰਘ ਨੇ ਕਾਂਗਰਸੀ ਉਮੀਦਵਾਰ ਖ਼ਿਲਾਫ਼ ਵਿਧਾਨ ਸਭਾ ਚੋਣ ਲੜਨ ਦਾ ਕੀਤਾ ਐਲਾਨ
ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਹੈ। ਉਹ ਟਿਕਟ ਦੇ ਚਾਹਵਾਨ ਸਨ ਪਰ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ।
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੇ ਭਰਾ ਨੂੰ ਮਨਾ ਲੈਣਗੇ ਪਰ ਡਾ. ਮਨੋਹਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਦ੍ਰਿੜ੍ਹ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਕਾਂਗਰਸੀ ਉਮੀਦਵਾਰ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਖ਼ਿਲਾਫ਼ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਡਾ. ਮਨੋਹਰ ਨੇ ਕਿਹਾ ਕਿ ਉਹ ਦੋ ਨਾਮਜ਼ਦਗੀਆਂ ਦਾਖ਼ਲ ਕਰਨਗੇ, ਇੱਕ ਕਾਂਗਰਸੀ ਉਮੀਦਵਾਰ ਵਜੋਂ ਅਤੇ ਦੂਜਾ ਆਜ਼ਾਦ ਉਮੀਦਵਾਰ ਦੇ ਤੌਰ ‘ਤੇ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬੱਸੀ ਪਠਾਣਾ ਤੋਂ ਕਾਂਗਰਸ ਟਿਕਟ ਦਾ ਭਰੋਸਾ ਦਿੱਤਾ ਗਿਆ ਹੈ ਕਿਉਂਕਿ ਪਾਰਟੀ ਨੇ ‘ਇਕ ਪਰਿਵਾਰ, ਇਕ ਟਿਕਟ’ ਦੇ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਕਈ ਹੋਰ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਅਲਾਟ ਕੀਤੀਆਂ ਹਨ।