Nitish Kumar: ਬਿਹਾਰ ਦੇ CM ਨਿਤੀਸ਼ ਕੁਮਾਰ ਨੇ CM ਅਹੁਦੇ ਤੋਂ ਦਿੱਤਾ ਅਸਤੀਫ਼ਾ, ਵਿਜੇ ਸਿਨਹਾ ਬਣ ਸਕਦੇ ਨੇ ਉਪ ਮੁੱਖ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਤੀਸ਼ ਕੁਮਾਰ ਨੇ ਵੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।

Bihar CM Nitish Kumar

ਪਟਨਾ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਤਵਾਰ ਸਵੇਰੇ ਰਾਜਪਾਲ ਰਾਜੇਂਦਰ ਵੀ ਅਰਲੇਕਰ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਰਾਜਪਾਲ ਨੇ ਕੁਮਾਰ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਗਠਨ ਤੱਕ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣ ਲਈ ਕਿਹਾ ਹੈ।

ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਣ ਤੋਂ ਬਾਅਦ ਰਾਜ ਭਵਨ ਤੋਂ ਪਰਤਣ ਤੋਂ ਬਾਅਦ ਨਿਤੀਸ਼ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ‘ਮਹਾਂਗਠਬੰਧਨ' ਤੋਂ ਵੱਖ ਹੋ ਕੇ ਨਵਾਂ ਗਠਜੋੜ ਬਣਾਉਣਗੇ। 

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਇਹ ਫ਼ੈਸਲਾ ਕਿਉਂ ਲਿਆ ਤਾਂ ਨਿਤੀਸ਼ ਨੇ ਕਿਹਾ ਕਿ ''ਮੈਨੂੰ ਆਪਣੀ ਪਾਰਟੀ ਦੇ ਲੋਕਾਂ ਤੋਂ ਜੋ ਰਾਏ ਮਿਲ ਰਹੀ ਹੈ, ਉਸ ਮੁਤਾਬਕ ਮੈਂ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।'' ਉਨ੍ਹਾਂ ਕਿਹਾ ਕਿ ''ਅਸੀਂ ਪਿਛਲੇ ਗਠਜੋੜ (ਨੈਸ਼ਨਲ ਡੈਮੋਕਰੇਟਿਕ ਅਲਾਇੰਸ) ਨੂੰ ਛੱਡ ਕੇ ਨਵਾਂ ਗਠਜੋੜ ਬਣਾਇਆ ਸੀ ਪਰ ਇਸ ਵਿਚ ਵੀ ਹਾਲਾਤ ਠੀਕ ਨਹੀਂ ਜਾਪਦੇ। ਲੋਕ ਜਿਸ ਤਰ੍ਹਾਂ ਦੇ ਦਾਅਵੇ ਅਤੇ ਟਿੱਪਣੀਆਂ ਕਰ ਰਹੇ ਸਨ, ਉਹ ਪਾਰਟੀ ਨੇਤਾਵਾਂ ਨੂੰ ਬੁਰਾ ਲੱਗ ਰਿਹਾ ਸੀ, ਇਸ ਲਈ ਅੱਜ ਅਸੀਂ ਅਸਤੀਫ਼ਾ ਪੱਤਰ ਦਿੱਤਾ ਹੈ ਅਤੇ ਅਸੀਂ ਵੱਖ ਹੋ ਗਏ ਹਾਂ।  

 

ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਮੇਤ ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) ਦੇ ਹੋਰ ਹਿੱਸਿਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ “ਹੋਰ ਪਾਰਟੀਆਂ ਜੋ ਪਹਿਲਾਂ ਇਕੱਠੀਆਂ ਸਨ, ਅੱਜ ਇਕੱਠੇ ਹੋ ਕੇ ਇਹ ਫ਼ੈਸਲਾ ਕਰਨਗੀਆਂ ਕਿ ਨਵੀਂ ਸਰਕਾਰ ਦੇ ਗਠਨ ਬਾਰੇ ਕੀ ਫ਼ੈਸਲਾ ਲਿਆ ਜਾਵੇ।  ਉਡੀਕ ਕਰੋ।” 
ਨਿਤੀਸ਼ 'ਤੇ 'ਮੌਕਾਪ੍ਰਸਤ' ਹੋਣ ਦੇ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੇ ਗਠਨ 'ਚ ਉਨ੍ਹਾਂ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਕਿਹਾ, 'ਅਸੀਂ ਗਠਜੋੜ ਤਾਂ ਬਣਾ ਲਿਆ ਪਰ ਕੰਮ ਕੋਈ ਨਹੀਂ ਕਰ ਰਿਹਾ ਸੀ...ਇਸ ਲਈ ਅਸੀਂ ਬੋਲਣਾ ਬੰਦ ਕਰ ਦਿੱਤਾ।"

ਨਿਤੀਸ਼ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਦੀ ਤੁਲਨਾ 'ਗਿਰਗਟ' ਨਾਲ ਕੀਤੀ ਅਤੇ ਕਿਹਾ ਕਿ ਸੂਬੇ ਦੇ ਲੋਕ ਉਨ੍ਹਾਂ ਦੇ ਵਿਸ਼ਵਾਸਘਾਤ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਭਾਰਤ ਜੋੜੋ ਨਿਆਏ ਯਾਤਰਾ’ ਤੋਂ ਡਰੇ ਹੋਏ ਹਨ ਅਤੇ ਇਸ ਤੋਂ ਧਿਆਨ ਹਟਾਉਣ ਲਈ ਇਹ ਸਿਆਸੀ ਡਰਾਮਾ ਰਚਿਆ ਗਿਆ ਹੈ। ਦੂਜੇ ਪਾਸੇ ਭਾਜਪਾ ਨੇਤਾ ਵਿਨੋਦ ਤਾਵੜੇ ਨੇ ਕਿਹਾ ਕਿ ਭਾਜਪਾ ਵਿਧਾਇਕਾਂ ਨੇ ਜਨਤਾ ਦਲ (ਯੂ) ਦੇ ਸਮਰਥਨ ਨਾਲ ਬਿਹਾਰ ਵਿੱਚ ਐਨਡੀਏ ਸਰਕਾਰ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਭਾਜਪਾ ਨੇਤਾ ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਬਣ ਸਕਦੇ ਹਨ ਉਪ ਮੁੱਖ ਮੰਤਰੀ 
ਖਬਰਾਂ ਹਨ ਕਿ ਭੂਮਿਹਰ ਭਾਈਚਾਰੇ ਤੋਂ ਆਉਣ ਵਾਲੇ ਵਿਜੇ ਸਿਨਹਾ ਅਤੇ ਪੱਛੜੀ ਜਾਤੀ ਤੋਂ ਆਉਣ ਵਾਲੇ ਸਮਰਾਟ ਚੌਧਰੀ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ। ਸਮਰਾਟ ਚੌਧਰੀ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ, ਜਦਕਿ ਵਿਜੇ ਸਿਨਹਾ ਨੂੰ ਉਪ ਨੇਤਾ ਚੁਣਿਆ ਗਿਆ ਹੈ। 

ਇਸ ਮੌਕੇ ਸਮਰਾਟ ਚੌਧਰੀ ਨੇ ਕਿਹਾ ਕਿ "ਭਾਜਪਾ ਨੇ ਮੇਰੇ ਜੀਵਨ ਲਈ ਇੱਕ ਇਤਿਹਾਸਕ ਕੰਮ ਕੀਤਾ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇਪੀ ਨੱਡਾ ਜੀ ਦਾ ਧੰਨਵਾਦ ਕਰਦਾ ਹਾਂ। ਇਹ ਮੇਰੇ ਲਈ ਇੱਕ ਭਾਵੁਕ ਪਲ ਹੈ...ਸਰਕਾਰ ਵਿਚ ਕੰਮ ਕਰਨ ਲਈ ਵਿਧਾਇਕ ਦਲ ਦੇ ਨੇਤਾ ਵਜੋਂ ਚੁਣਿਆ ਗਿਆ। ਜਦੋਂ ਸਾਨੂੰ ਬਿਹਾਰ ਦੇ ਵਿਕਾਸ ਅਤੇ ਲਾਲੂ ਪ੍ਰਸਾਦ ਦੇ ਆਤੰਕ ਨੂੰ ਖ਼ਤਮ ਕਰਨ ਲਈ ਨਿਤੀਸ਼ ਜੀ ਦਾ ਪ੍ਰਸਤਾਵ ਮਿਲਿਆ ਤਾਂ ਅਸੀਂ ਉਨ੍ਹਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ।"