ਬਿਹਾਰ: ਨਿਤੀਸ਼ ਕੁਮਾਰ ਕੈਬਨਿਟ ’ਚ ਕੋਈ ਮੁਸਲਿਮ ਅਤੇ ਮਹਿਲਾ ਵਿਧਾਇਕ ਨੂੰ ਨਹੀਂ ਮਿਲੀ ਥਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਜਾਂ ਦੋ ਦਿਨਾਂ ਵਿਚ ਕੈਬਨਿਟ ਦਾ ਵਿਸਥਾਰ ਕੀਤਾ ਜਾਵੇਗਾ

Patna: Bihar Governor Rajendra Arlekar receives JD(U) chief Nitish Kumar's resignation as the state chief minister, at Raj Bhavan, in Patna, Sunday, Jan. 28, 2024. (PTI Photo)

ਪਟਨਾ: ਬਿਹਾਰ ’ਚ ਕੌਮੀ ਲੋਕਤੰਤਰੀ ਗਠਜੋੜ (ਐੱਨ.ਡੀ.ਏ.) ਦੀ ਸਰਕਾਰ ਬਣਨ ਦੇ ਨਾਲ ਹੀ ਐਤਵਾਰ ਨੂੰ ਕੈਬਨਿਟ ’ਚ ਸਹੁੰ ਚੁੱਕਣ ਵਾਲੇ ਮੰਤਰੀਆਂ ’ਚ ਜਾਤ ਗਣਿਤ ਨੂੰ ਧਿਆਨ ’ਚ ਰੱਖਿਆ ਗਿਆ ਪਰ ਕਿਸੇ ਵੀ ਮੁਸਲਿਮ ਅਤੇ ਮਹਿਲਾ ਵਿਧਾਇਕ ਨੂੰ ਸ਼ਾਮਲ ਨਹੀਂ ਕੀਤਾ ਗਿਆ। ਕੋਇਰੀ ਭਾਈਚਾਰੇ ਤੋਂ ਸਮਰਾਟ ਚੌਧਰੀ ਅਤੇ ਜ਼ਿਮੀਂਦਆਰ ਭਾਈਚਾਰੇ ਤੋਂ ਵਿਜੇ ਕੁਮਾਰ ਸਿਨਹਾ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ ਹੈ, ਜੋ ਭਾਜਪਾ ਦੀ ਉੱਚ ਜਾਤੀ ਦੇ ਬੁਨਿਆਦੀ ਆਧਾਰ ਨੂੰ ਬਰਕਰਾਰ ਰਖਦੇ ਹੋਏ ਓ.ਬੀ.ਸੀ. ਤਕ ਪਹੁੰਚ ਕਰਨ ਦੀ ਚੋਣ ਦਾ ਸੰਕੇਤ ਦਿੰਦਾ ਹੈ। 

ਭਾਜਪਾ ਨੇਤਾ ਸਮਰਾਟ ਚੌਧਰੀ, ਵਿਜੇ ਸਿਨਹਾ ਅਤੇ ਪ੍ਰੇਮ ਕੁਮਾਰ, ਜਨਤਾ ਦਲ (ਯੂ) ਨੇਤਾ ਵਿਜੇ ਕੁਮਾਰ ਚੌਧਰੀ, ਵਿਜੇਂਦਰ ਯਾਦਵ ਅਤੇ ਸ਼ਰਵਣ ਕੁਮਾਰ, ਹਿੰਦੁਸਤਾਨੀ ਆਵਾਮ ਮੋਰਚਾ ਦੇ ਨੇਤਾ ਸੰਤੋਸ਼ ਕੁਮਾਰ ਸੁਮਨ ਅਤੇ ਆਜ਼ਾਦ ਵਿਧਾਇਕ ਸੁਮਿਤ ਕੁਮਾਰ ਸਿੰਘ ਨੇ ਐਤਵਾਰ ਨੂੰ ਨਿਤੀਸ਼ ਕੁਮਾਰ ਦੀ ਕੈਬਨਿਟ ਦੇ ਮੈਂਬਰ ਵਜੋਂ ਸਹੁੰ ਚੁਕੀ। ਨਿਤੀਸ਼ ਕੁਮਾਰ, ਸਮਰਾਟ ਚੌਧਰੀ ਅਤੇ ਸੰਤੋਸ਼ ਕੁਮਾਰ ਸੁਮਨ, ਤਿੰਨੋਂ ਬਿਹਾਰ ਵਿਧਾਨ ਪ੍ਰੀਸ਼ਦ (ਐਮ.ਐਲ.ਸੀ.) ਦੇ ਮੈਂਬਰ ਹਨ।  

ਸਿਆਸੀ ਮਾਹਰਾਂ ਅਨੁਸਾਰ ਐਨ.ਡੀ.ਏ. ਦੇ ਸਹਿਯੋਗੀਆਂ ਦੇ ਚੋਟੀ ਦੇ ਨੇਤਾਵਾਂ ਨੇ ਨਿਤੀਸ਼ ਕੁਮਾਰ ਕੈਬਨਿਟ ਨੂੰ ਅੰਤਿਮ ਰੂਪ ਦਿੰਦੇ ਸਮੇਂ ਬਿਹਤਰ ਜਾਤੀ ਸੰਤੁਲਨ ਬਣਾਈ ਰੱਖਿਆ ਹੈ। ਹਾਲਾਂਕਿ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਇਕ ਜਾਂ ਦੋ ਦਿਨਾਂ ਵਿਚ ਕੈਬਨਿਟ ਦਾ ਵਿਸਥਾਰ ਕੀਤਾ ਜਾਵੇਗਾ ਤਾਂ ਜੋ ਹੋਰ ਜਾਤੀਆਂ, ਘੱਟ ਗਿਣਤੀ ਸਮੂਹਾਂ ਅਤੇ ਔਰਤਾਂ ਨਾਲ ਸਬੰਧਤ ਵਿਧਾਇਕਾਂ ਨੂੰ ਸ਼ਾਮਲ ਕੀਤਾ ਜਾ ਸਕੇ।  

ਨਵੀਂ ਕੈਬਨਿਟ ’ਚ ਜ਼ਿਮੀਂਦਾਰ ਭਾਈਚਾਰੇ ਤੋਂ ਉੱਚ ਜਾਤੀ ਦੇ ਤਿੰਨ ਮੰਤਰੀ ਵਿਜੇ ਚੌਧਰੀ ਅਤੇ ਵਿਜੇ ਸਿਨਹਾ ਅਤੇ ਰਾਜਪੂਤ ਤੋਂ ਸੁਮਿਤ ਕੁਮਾਰ ਸਿੰਘ (ਆਜ਼ਾਦ) ਸ਼ਾਮਲ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਇਲਾਵਾ ਸ਼ਰਵਣ ਕੁਮਾਰ ਵੀ ਕੁਰਮੀ ਜਾਤੀ ਤੋਂ ਹਨ। 

ਬਿਹਾਰ ’ਚ ਹਾਲ ਹੀ ’ਚ ਹੋਏ ਜਾਤੀ ਸਰਵੇਖਣ ਮੁਤਾਬਕ ਸੂਬੇ ’ਚ ਕੁਰਮੀ ਭਾਈਚਾਰੇ ਦੀ ਕੁਲ ਗਿਣਤੀ 37.62 ਲੱਖ ਹੈ, ਜੋ ਬਿਹਾਰ ਦੀ ਕੁਲ ਆਬਾਦੀ ਦਾ 2.87 ਫੀ ਸਦੀ ਹੈ। ਜਨਤਾ ਦਲ (ਯੂ) ਦੇ ਇਕ ਸੀਨੀਅਰ ਨੇਤਾ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਐਨ.ਡੀ.ਏ. ਦੇ ਸਹਿਯੋਗੀਆਂ ਨੇ ਨਵੀਂ ਸਰਕਾਰ ਲਈ ਮੰਤਰੀਆਂ ਦੀ ਚੋਣ ਕਰਦੇ ਸਮੇਂ ਹਿੰਦੂਆਂ ਦੇ ਸਾਰੇ ਸਮਾਜਕ ਸਮੂਹਾਂ ਨੂੰ ਖੁਸ਼ ਕਰਨ ਲਈ ਸੰਤੁਲਨ ਬਣਾਇਆ। ਪ੍ਰੇਮ ਕੁਮਾਰ ਕਹਾਰ ਜਾਤੀ ਨਾਲ ਸਬੰਧਤ ਹੈ ਅਤੇ ਵਿਜੇਂਦਰ ਯਾਦਵ ਯਾਦਵ ਭਾਈਚਾਰੇ ਨਾਲ ਸਬੰਧਤ ਹੈ। 

ਹਿੰਦੁਸਤਾਨੀ ਆਵਾਮ ਮੋਰਚਾ ਦੇ ਨੇਤਾ ਸੰਤੋਸ਼ ਸੁਮਨ ਮਹਾਦਲਿਤ ਭਾਈਚਾਰੇ ਨਾਲ ਸਬੰਧਤ ਹਨ। ਜੇਡੀ (ਯੂ) ਨੇਤਾ ਨੇ ਕਿਹਾ, ‘‘ਮੰਤਰੀਆਂ ’ਚ ਜਾਤੀ ਵੰਡ ਦਰਸਾਉਂਦੀ ਹੈ ਕਿ ਐਨ.ਡੀ.ਏ. ਦੇ ਸਹਿਯੋਗੀਆਂ ਨੇ ਨਵੇਂ ਮੰਤਰੀ ਮੰਡਲ ’ਚ ਸਾਰੇ ਮਹੱਤਵਪੂਰਨ ਸਮਾਜਕ ਸਮੂਹਾਂ ਨੂੰ ਸ਼ਾਮਲ ਕਰਨ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ।’’

ਸੰਵਿਧਾਨਕ ਵਿਵਸਥਾ ਮੁਤਾਬਕ ਬਿਹਾਰ ਦਾ ਮੁੱਖ ਮੰਤਰੀ ਮੰਤਰੀ ਮੰਤਰੀ ਮੰਡਲ ’ਚ ਵੱਧ ਤੋਂ ਵੱਧ 35 ਮੰਤਰੀਆਂ ਨੂੰ ਸ਼ਾਮਲ ਕਰ ਸਕਦਾ ਹੈ। ਐਤਵਾਰ ਨੂੰ ਸਿਰਫ ਅੱਠ ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁਕੀ। ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਅਗਲੇ ਵਿਸਥਾਰ ’ਚ ਮੁਸਲਿਮ ਭਾਈਚਾਰੇ, ਮਹਿਲਾ ਵਿਧਾਇਕਾਂ ਅਤੇ ਹੋਰ ਜਾਤੀਆਂ ਦਾ ਧਿਆਨ ਰੱਖੇਗੀ।