ਦਾਊਦ ਨਾਲ ਸਬੰਧ, 1993 ਬੰਬ ਧਮਾਕਿਆਂ ਵਿਚ ਸ਼ਮੂਲੀਅਤ ਦੇ ਕਾਰਨ ਸਿੱਦੀਕੀ ਨੂੰ ਮਾਰਨਾ ਚਾਹੁੰਦਾ ਸੀ ਅਨਮੋਲ ਬਿਸ਼ਨੋਈ: ਸ਼ੂਟਰ
ਦਿੱਲੀ ਪੁਲਿਸ ਨੇ ਮਾਮਲੇ 'ਚ ਚਾਰਜਸ਼ੀਟ ਕੀਤੀ ਦਾਇਰ
ਬਦਨਾਮ ਅਪਰਾਧੀ ਅਨਮੋਲ ਬਿਸ਼ਨੋਈ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਨੇਤਾ ਬਾਬਾ ਸਿੱਦੀਕੀ 'ਤੇ "ਦਾਊਦ ਇਬਰਾਹਿਮ ਨਾਲ ਸਬੰਧਾਂ ਅਤੇ 1993 ਦੇ ਮੁੰਬਈ ਧਮਾਕਿਆਂ ਵਿੱਚ ਸ਼ਮੂਲੀਅਤ" ਦੇ ਕਾਰਨ ਹਮਲੇ ਦਾ ਆਦੇਸ਼ ਦਿੱਤਾ ਸੀ। ਸਿੱਦੀਕੀ 'ਤੇ ਹਮਲਾ ਕਰਨ ਦੇ ਮੁੱਖ ਦੋਸ਼ੀ ਸ਼ਿਵਕੁਮਾਰ ਗੌਤਮ ਨੇ ਪੁਲਿਸ ਨੂੰ ਦਿੱਤੇ ਆਪਣੇ ਇਕਬਾਲੀਆ ਬਿਆਨ ਵਿੱਚ ਇਹ ਗੱਲ ਕਹੀ ਹੈ।
ਗੌਤਮ ਦਾ ਇਕਬਾਲੀਆ ਬਿਆਨ 12 ਅਕਤੂਬਰ ਨੂੰ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦੀਕੀ ਦੇ ਕਤਲ ਦੇ ਸਬੰਧ ਵਿੱਚ ਦਾਇਰ ਚਾਰਜਸ਼ੀਟ ਦਾ ਹਿੱਸਾ ਹੈ। ਸਿੱਦੀਕੀ (66) ਨੂੰ ਮੁੰਬਈ ਦੇ ਬਾਂਦਰਾ ਪੂਰਬੀ ਇਲਾਕੇ ਵਿੱਚ ਉਨ੍ਹਾਂ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਗੌਤਮ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਬਾਬਾ ਸਿੱਦੀਕੀ ਜਾਂ ਜ਼ੀਸ਼ਾਨ ਸਿੱਦੀਕੀ ਨੂੰ ਮਾਰਨ ਲਈ ਕਿਹਾ ਗਿਆ ਸੀ ਅਤੇ ਬਦਲੇ ਵਿੱਚ 15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਉਸ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਪੁਣੇ ਵਿੱਚ ਕਬਾੜ ਇਕੱਠਾ ਕਰਦਾ ਸੀ ਅਤੇ ਸਹਿ-ਮੁਲਜ਼ਮ ਹਰੀਸ਼ ਕੁਮਾਰ ਕਸ਼ਯਪ ਨੂੰ ਚੀਜ਼ਾਂ ਵੇਚਦਾ ਸੀ।
ਉਸ ਨੇ ਪੁਲਿਸ ਨੂੰ ਦੱਸਿਆ ਕਿ ਕਬਾੜ ਦੀ ਦੁਕਾਨ ਚਲਾਉਣ ਵਾਲੇ ਕਸ਼ਯਪ ਨੇ ਉਸ ਦੇ ਰਹਿਣ ਦਾ ਪ੍ਰਬੰਧ ਕੀਤਾ ਸੀ ਅਤੇ ਇਸ ਦੌਰਾਨ ਉਸ ਦੀ ਜਾਣ-ਪਛਾਣ ਪ੍ਰਵੀਨ ਲੋਂਕਰ ਅਤੇ ਉਸ ਦੇ ਭਰਾ ਸ਼ੁਭਮ ਲੋਂਕਰ ਨਾਲ ਹੋਈ।
ਗੌਤਮ ਨੇ ਆਪਣੇ ਇਕਬਾਲੀਆ ਬਿਆਨ ਵਿੱਚ ਕਿਹਾ, “ਇੱਕ ਦਿਨ ਸ਼ੁਭਮ ਲੋਂਕਰ ਨੇ ਸ਼ੂਟਰ ਨੂੰ ਕਿਹਾ ਕਿ ਉਹ ਅਤੇ ਉਸ ਦਾ ਭਰਾ ਬਿਸ਼ਨੋਈ ਗੈਂਗ ਲਈ ਕੰਮ ਕਰਦੇ ਹਨ। ਜੂਨ 2024 ਵਿੱਚ, ਸ਼ੁਭਮ ਲੋਂਕਰ (ਸ਼ੁੱਬੂ) ਨੇ ਮੈਨੂੰ ਅਤੇ ਧਰਮਰਾਜ ਕਸ਼ਯਪ (ਸਹਿ-ਸ਼ੂਟਰ) ਨੂੰ ਦੱਸਿਆ ਕਿ ਜੇਕਰ ਅਸੀਂ ਉਸਦੇ ਨਿਰਦੇਸ਼ਾਂ ਅਨੁਸਾਰ ਕੰਮ ਕਰੀਏ ਤਾਂ ਸਾਨੂੰ 10 ਤੋਂ 15 ਲੱਖ ਰੁਪਏ ਮਿਲ ਸਕਦੇ ਹਨ। ਜਦੋਂ ਮੈਂ ਨੌਕਰੀ ਬਾਰੇ ਪੁੱਛਿਆ ਤਾਂ ਸ਼ੁਭਮ ਨੇ ਸਾਨੂੰ ਦੱਸਿਆ ਕਿ ਸਾਨੂੰ ਬਾਬਾ ਸਿੱਦੀਕੀ ਜਾਂ ਉਸਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਨੂੰ ਮਾਰਨਾ ਪਵੇਗਾ। ਪਰ ਉਸਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।