ਪਾਕਿਸਤਾਨੀ ਜਾਸੂਸੀ ਮਾਮਲਾ, NIA ਅਦਾਲਤ ਨੇ ਇਕ ਵਿਅਕਤੀ ਨੂੰ ਪੰਜ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ
ਮੁਲਜ਼ਮ ਅਲਤਾਫ ਹੁਸੈਨ ਘੰਚੀਭਾਈ ਉਰਫ ਸ਼ਕੀਲ ਨੇ ਆਪਣਾ ਅਪਰਾਧ ਕੀਤਾ ਕਬੂਲ: ਅਧਿਕਾਰੀ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਜਾਅਲੀ ਸਿਮ ਕਾਰਡ ਦੀ ਵਰਤੋਂ ਅਤੇ ਸੋਸ਼ਲ ਮੀਡੀਆ ਮੰਚਾਂ ਦੀ ਦੁਰਵਰਤੋਂ ਨਾਲ ਸਬੰਧਤ ਪਾਕਿਸਤਾਨ ਜਾਸੂਸੀ ਸਾਜ਼ਸ਼ ਦੇ ਮਾਮਲੇ ਦੇ ਇਕ ਮੁੱਖ ਮੁਲਜ਼ਮ ਨੂੰ ਪੰਜ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਮੁਤਾਬਕ ਮੁਲਜ਼ਮ ਅਲਤਾਫ ਹੁਸੈਨ ਘੰਚੀਭਾਈ ਉਰਫ ਸ਼ਕੀਲ ਨੇ ਮੁਕੱਦਮੇ ਦੌਰਾਨ ਅਪਣਾ ਅਪਰਾਧ ਕਬੂਲ ਕਰ ਲਿਆ। ਇਸ ਸੁਣਵਾਈ ’ਚ ਇਸਤਗਾਸਾ ਪੱਖ ਨੇ 37 ਗਵਾਹਾਂ ਦੀ ਜਾਂਚ ਕੀਤੀ ਸੀ।
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਮੰਗਲਵਾਰ ਨੂੰ ਇਸ ਮਾਮਲੇ ’ਚ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ ਸਿਮ ਕਾਰਡ, ਵਨ-ਟਾਈਮ ਪਾਸਵਰਡ (ਓ.ਟੀ.ਪੀ.) ਅਤੇ ਸੋਸ਼ਲ ਮੀਡੀਆ ਸਮੇਤ ਵਿਲੱਖਣ ਪਛਾਣ ਸਹੂਲਤਾਂ ਦੀ ਦੁਰਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ।
ਅਦਾਲਤ ਨੇ ਅਲਤਾਫ ਹੁਸੈਨ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ.) ਦੀ ਧਾਰਾ 18 (ਸਾਜ਼ਸ਼ ਲਈ ਸਜ਼ਾ) ਦੇ ਤਹਿਤ ਪੰਜ ਸਾਲ ਅਤੇ ਛੇ ਮਹੀਨੇ ਦੀ ਸਾਧਾਰਣ ਕੈਦ ਅਤੇ 5,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਲਤਾਫ ਹੁਸੈਨ ਨੂੰ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 66ਸੀ (ਪਛਾਣ ਚੋਰੀ ਦੀ ਸਜ਼ਾ) ਤਹਿਤ ਦੋ ਸਾਲ ਅਤੇ ਛੇ ਮਹੀਨੇ ਦੀ ਸਾਧਾਰਨ ਕੈਦ ਅਤੇ 5,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਐਨਆਈਏ ਨੇ ਬੁਧਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ ਅਤੇ ਵੱਧ ਤੋਂ ਵੱਧ ਸਾਢੇ ਪੰਜ ਸਾਲ ਦੀ ਮਿਆਦ ਹੋਵੇਗੀ।
ਬਿਆਨ ਮੁਤਾਬਕ ਸਰਹੱਦ ਪਾਰ ਦੀ ਸਾਜ਼ਸ਼ ’ਚ ਭਾਰਤੀ ਮਛੇਰਿਆਂ ਦੇ ਸਿਮ ਕਾਰਡਾਂ ਦੀ ਵਰਤੋਂ ਸ਼ਾਮਲ ਸੀ, ਜਿਨ੍ਹਾਂ ਨੂੰ ਪਾਕਿਸਤਾਨੀ ਜਲ ਫ਼ੌਜ ਨੇ ਸਮੁੰਦਰ ’ਚ ਮੱਛੀਆਂ ਫੜਦੇ ਸਮੇਂ ਫੜਿਆ ਸੀ। ਏਜੰਸੀ ਨੇ ਦਸਿਆ ਕਿ ਇਨ੍ਹਾਂ ਮਛੇਰਿਆਂ ਦੇ ਮੋਬਾਈਲ ਫੋਨ ਅਤੇ ਸਿਮ ਕਾਰਡ ਪਾਕਿਸਤਾਨੀ ਜਲ ਫ਼ੌਜ ਨੇ ਜ਼ਬਤ ਕੀਤੇ ਸਨ ਅਤੇ ਬਾਅਦ ਵਿਚ ਮੁਲਜ਼ਮਾਂ ਨੇ ਜਾਸੂਸੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਭਾਰਤ ਵਿਚ ਸਰਗਰਮ ਕਰ ਦਿਤਾ ਸੀ।