ਕਸ਼ਮੀਰ 'ਚ ਹੜਤਾਲ ਨਾਲ ਆਮ ਜੀਵਨ ਪ੍ਰਭਾਵਤ
ਵੱਖਵਾਦੀਆਂ ਵਲੋਂ ਦਿਤੇ ਬੰਦ ਦੇ ਸੱਦੇ ਕਰ ਕੇ ਬੁਧਵਾਰ ਨੂੰ ਕਸ਼ਮੀਰ 'ਚ ਆਮ ਜੀਵਨ ਪ੍ਰਭਾਵਤ ਰਿਹਾ........
ਸ੍ਰੀਨਗਰ : ਵੱਖਵਾਦੀਆਂ ਵਲੋਂ ਦਿਤੇ ਬੰਦ ਦੇ ਸੱਦੇ ਕਰ ਕੇ ਬੁਧਵਾਰ ਨੂੰ ਕਸ਼ਮੀਰ 'ਚ ਆਮ ਜੀਵਨ ਪ੍ਰਭਾਵਤ ਰਿਹਾ। ਇਹ ਬੰਦ ਵਾਦੀ 'ਚ ਹਵਾਲਾ ਜ਼ਰੀਏ ਅਤਿਵਾਦੀਆਂ ਨੂੰ ਪੈਸਾ ਦਿਤੇ ਜਾਣ ਦੀ ਜਾਂਚ ਦੇ ਸਿਲਸਿਲੇ 'ਚ ਕਈ ਆਗੂਆਂ ਦੇ ਘਰਾਂ 'ਚ ਐਨ.ਆਈ.ਏ. ਦੀ ਛਾਪੇਮਾਰੀ ਵਿਰੁਧ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਗਰਮ ਰੁੱਤ ਦੀ ਰਾਜਧਾਨੀ ਸ੍ਰੀਨਗਰ 'ਚ ਜ਼ਿਆਦਾਤਰ ਦੁਕਾਨਾਂ, ਪਟਰੌਲ ਪੰਪ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਜਨਤਕ ਆਵਾਜਾਈ ਨਹੀਂ ਚੱਲ ਰਹੀ ਹਾਲਾਂਕਿ ਸ਼ਹਿਰ ਦੇ ਕੁੱਝ ਇਲਾਕਿਆਂ 'ਚ ਕੁੱਝ ਨਿਜੀ ਕਾਰਾਂ ਅਤੇ ਆਟੋਰਿਕਸ਼ਾ ਦਿਸ ਰਹੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਵਾਦੀ ਦੇ ਹੋਰ ਜ਼ਿਲ੍ਹਾ ਹੈੱਡਕੁਆਰਟਰਾਂ 'ਚ ਵੀ ਬੰਦ ਦੀਆਂ ਇਸੇ ਤਰ੍ਹਾਂ ਦੀਆ ਖ਼ਬਰਾਂ ਸਾਹਮਣੇ ਆਈਆਂ ਹਨ। ਵੱਖਵਾਦੀਆਂ ਦੀ ਸਾਂਝੀ ਜਥੇਬੰਦੀ ਜੁਆਇੰਟ ਰੈਸਿਸਟੈਂਸ ਲੀਡਰਸ਼ਿਪ (ਜੇ.ਆਰ.ਐਲ.) ਨੇ ਵੱਖਵਾਦੀਆਂ 'ਤੇ ਮੰਗਲਵਾਰ ਨੂੰ ਐਨ.ਆਈ.ਏ. ਦੀ ਛਾਪੇਮਾਰੀ ਅਤੇ ਧਾਰਾ 35ਏ 'ਚ ਛੇੜਛਾੜ ਦੇ ਸ਼ੱਕ ਵਿਰੁਧ ਬੁਧਵਾਰ ਨੂੰ ਪੂਰਨ ਬੰਦ ਦਾ ਸੱਦਾ ਦਿਤਾ ਹੈ। ਧਾਰਾ 35ਏ ਦੀ ਸੰਵਿਧਾਨਿਕਤਾ ਦਾ ਮਾਮਲਾ ਸੁਪਰੀਮ ਕੋਰਟ 'ਚ ਲਟਕ ਰਿਹਾ ਹੈ। (ਪੀਟੀਆਈ)