ਕਿਸਾਨਾਂ 'ਤੇ ਜ਼ੁਲਮ ਦੇ ਮਾਮਲੇ 'ਚ ਤਾਂ BJP ਨੇ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ: ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ 70 ਸਾਲਾਂ ਵਿੱਚ, ਇਸ ਦੇਸ਼ ਦੇ ਕਿਸਾਨਾਂ ਨੇ ਸਿਰਫ ਧੋਖਾ ਹੀ ਪਾਇਆ ਹੈ। 

Arvind Kejriwal

ਉੱਤਰ ਪ੍ਰਦੇਸ਼: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ।  ਇਸ ਦੇ ਚਲਦੇ ਵੱਖ ਵੱਖ ਸੂਬਿਆਂ ਵਿਚ ਕਿਸਾਨਾਂ ਵੱਲੋਂ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਇਸ ਵਿਚਾਲੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੇਰਠ ਮਹਾਪੰਚਾਇਤ ’ਚ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਹਨ।  ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਬਹੁਤ ਦੁਖੀ ਹੈ, 95 ਦਿਨਾਂ ਤੋਂ, ਕੜਾਕੇ ਦੀ ਠੰਡ ਵਿਚ, ਕਿਸਾਨ ਭਰਾ ਦਿੱਲੀ ਦੀ ਸਰਹੱਦ 'ਤੇ ਬੈਠੇ ਹਨ। 250 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ 'ਤੇ ਜੂਅ ਤੱਕ ਨਹੀਂ ਰੀਂਗ ਰਹੀ। ਪਿਛਲੇ 70 ਸਾਲਾਂ ਵਿੱਚ, ਇਸ ਦੇਸ਼ ਦੇ ਕਿਸਾਨਾਂ ਨੇ ਸਿਰਫ ਧੋਖਾ ਹੀ ਪਾਇਆ ਹੈ। 

ਉਨ੍ਹਾਂ ਨੇ ਅੱਗੇ ਕਿਹਾ ਕਿ ਤਿੰਨ ਕਾਨੂੰਨ ਕਿਸਾਨਾਂ ਲਈ ਤਾਂ ਡੈੱਥ ਵਾਰੰਟ ਹਨ, ਇਨ੍ਹਾਂ ਤਿੰਨਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ, ਬਾਕੀ ਰਹਿੰਦੀ ਖੇਤੀ ਕੇਂਦਰ ਸਰਕਾਰ ਆਪਣੇ ਤਿੰਨ-ਚਾਰ ਵੱਡੇ ਪੂੰਜੀਪਤੀਆਂ ਦੇ ਹੱਥ ਸੌਂਪਣਾ ਚਾਹੁੰਦੀ ਹੈ। ਸਾਰੀ ਖੇਤੀ ਚਲੀ ਜਾਵੇਗੀ। ਲਾਲ ਕਿਲ੍ਹੇ ਦੀ ਸਾਰੀ ਘਟਨਾ ਨੂੰ ਅੰਜਾਮ ਇਨ੍ਹਾਂ ਨੇ ਖੁਦ ਦਿੱਤਾ ਹੈ। ਮੈਂ ਦਿੱਲੀ ਦਾ ਮੁੱਖ ਮੰਤਰੀ ਹਾਂ, ਉੱਤਰ ਪ੍ਰਦੇਸ਼, ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੇ ਮੈਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਜਾਣਬੁੱਝ ਕੇ ਉਥੇ ਭੇਜ ਰਹੇ ਸਨ। ਜਿਹੜੇ ਝੰਡੇ ਲਹਿਰਾਉਂਦੇ ਸਨ ਉਹ ਉਨ੍ਹਾਂ ਦੇ ਆਪਣੇ ਵਰਕਰ ਸਨ। 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੇਰੀ ਪਾਰਟੀ ਦੇ ਵਰਕਰ ਅਤੇ ਵਿਧਾਇਕ ਕਿਸਾਨਾਂ ਦੀ ਸਰਹੱਦ ‘ਤੇ ਬੈਠੇ ਲੋਕਾਂ ਦੀ ਸੇਵਾ ਕਰ ਰਹੇ ਹਨ। ਰਾਸ਼ਨ ਅਤੇ ਪਾਣੀ ਦੇ ਰਹੇ ਹਨ।  ਉਨ੍ਹਾਂ ਨੇ ਕਿਹਾ ਕਿ ਜੋ ਅਸੀਂ 28 ਜਨਵਰੀ ਦੀ ਰਾਤ ਨੂੰ ਵੇਖਿਆ ਉਹ ਬਹੁਤ ਦੁੱਖਦਾਈ ਸੀ। ਰਾਕੇਸ਼ ਟਿਕੈਤ ਕਿਸਾਨਾਂ ਲਈ ਸਰਹੱਦ 'ਤੇ ਬੈਠੇ ਹਨ ਪਰ ਜਦੋਂ ਕਿਸਾਨ ਅੰਦੋਲਨ ਦੌਰਾਨ ਰਾਕੇਸ਼ ਟਿਕੈਤ ਰੋ ਰਹੇ ਸਨ, ਮੈਂ ਇਹ ਨਹੀਂ ਵੇਖ ਸਕਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ, ਕਿਲਾਂ ਲਗਾਈਆਂ ਗਈਆਂ, ਇਸ ਤਰ੍ਹਾਂ ਦਾ ਜ਼ੁਲਮ ਤਾਂ ਅੰਗਰੇਜਾਂ ਨੇ ਵੀ ਨਹੀਂ ਕਿਸਾਨਾਂ ਤੇ ਕੀਤਾ ਸੀ, ਭਾਜਪਾ ਨੇ ਤਾਂ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਹੁਣ ਉਹ ਸਾਡੇ ਕਿਸਾਨਾਂ ਖਿਲਾਫ਼ ਝੂਠੇ ਕੇਸ ਬਣਾ ਰਹੇ ਹਨ।