ਪੰਜਾਬ ਸਮੇਤ 6 ਸੂਬਿਆਂ ਵਿਚ ਆਏ 86.37 ਫ਼ੀਸਦੀ ਕੋਰੋਨਾ ਮਾਮਲੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਸਰਕਾਰ ਨੇ ਦਿੱਤੀ ਜਾਣਕਾਰੀ

Coronavirus cases

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਫਿਰ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਸਮੇਤ ਛੇ ਸੂਬਿਆਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਭਾਰੀ ਵਾਧਾ ਹੋਇਆ ਹੈ।

ਭਾਰਤ ਸਰਕਾਰ ਦੇ ਤਾਜ਼ਾ ਬਿਆਨ ਮੁਤਾਬਕ ਪੰਜਾਬ, ਮਹਾਰਾਸ਼ਟਰ, ਕੇਰਲਾ,  ਕਰਨਾਟਕਾ, ਤਾਮਿਲਨਾਡੂ ਅਤੇ ਗੁਜਰਾਤ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਇਹਨਾਂ 6 ਸੂਬਿਆਂ ਵਿਚ 86.37 ਫ਼ੀਸਦੀ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16,752 ਕੇਸ, 113 ਲੋਕਾਂ ਦੀ ਮੌਤ

ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਦੇ 16 ਹਜ਼ਾਰ 752 ਕੇਸ ਸਾਹਮਣੇ ਆਏ ਹਨ ਅਤੇ 113 ਮੌਤਾਂ ਦਰਜ ਕੀਤੀਆਂ ਗਈਆਂ । ਇਸ ਦੇ ਨਾਲ ਹੀ 11,718 ਮਰੀਜ਼ ਠੀਕ ਹੋਏ ਹਨ। ਭਾਰਤ ਵਿਚ ਇਸ ਸਮੇਂ 1 ਲੱਖ 64 ਹਜ਼ਾਰ 511 ਐਕਟਿਵ ਕੇਸ ਹਨ। ਦੇਸ਼ ਵਿਚ ਕੁਲ 1,43,01,266 ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਾਇਆ ਗਿਆ ਹੈ।

ਪੰਜਾਬ ਚ ਕੋਰੋਨਾ ਦੇ 595 ਨਵੇਂ ਮਾਮਲੇ ਆਏ, 11 ਮੌਤਾਂ

ਦੱਸ ਦਈਏ ਕਿ ਬੀਤੇ ਦਿਨ ਪੰਜਾਬ ’ਚ ਕੋਰੋਨਾ ਦੇ 595 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 11 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਹੁਣ ਤਕ ਸੂਬੇ ’ਚ 181597 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ ਇਨ੍ਹਾਂ ’ਚੋਂ 5825 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।