ਯੂਕਰੇਨ 'ਚ ਫਸੀ ਕਾਨਪੁਰ ਦੀ ਜਾਨ੍ਹਵੀ ਕਟਿਆਰ, ਵੀਡੀਓ ਜਾਰੀ ਕਰ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਰਾਸ਼ਨ ਵੀ  ਹੁੰਦਾ ਜਾ ਰਿਹਾ ਹੈ ਖਤਮ, ਹਰ ਵਕਤ ਰਹਿੰਦਾ ਹੈ ਮੌਤ ਦਾ ਡਰ 

Janhvi Katiyar

ਕਾਨਪੁਰ : ਰੂਸ ਵਲੋਂ ਯੂਕਰੇਨ 'ਤੇ ਕੀਤੇ ਹਮਲੇ ਕਾਰਨ ਦੇਸ਼ ਦੇ ਹਾਲਾਤ ਬਹੁਤ ਵਿਗੜ ਚੁੱਕੇ ਹਨ। ਹਾਲਾਂਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਉਥੋਂ ਕੱਢਿਆ ਜਾ ਚੁੱਕਾ ਹੈ ਪਰ ਅਜੇ ਵੀ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ।

ਬੱਚਿਆਂ ਵਲੋਂ ਲਗਾਤਾਰ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ ਅਤੇ ਆਪਣੇ ਹਾਲਾਤ ਦੱਸੇ ਜਾ ਰਹੇ ਹਨ। ਇਸ ਤਰ੍ਹਾਂ ਹੀ ਕਾਨਪੁਰ ਦੀ ਇੱਕ ਵਿਦਿਆਰਥਣ ਨੇ ਆਪਣਾ ਵੀਡੀਓ ਸਾਂਝਾ ਕੀਤਾ ਅਤੇ ਦੱਸਿਆ ਕਿ ਉਥੋਂ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਉਹ ਉੱਤਰਪ੍ਰਦੇਸ਼ ਦੇ ਸਿਕੰਦਰ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਗਈ ਸੀ।

ਚਾਰੇ ਪਾਸੇ ਗੋਲੀਬਾਰੀ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਅੰਡਰਗਰਾਊਂਡ ਜਗ੍ਹਾ 'ਤੇ ਰਹਿਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਹੌਲ ਖਰਾਬ ਹੋਣ ਕਾਰਨ ਸਾਰਿਆਂ ਵਿਚ ਡਰ ਅਤੇ ਸਹਿਮ ਹੈ। ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਹੋਰ ਇਲਾਕੇ ਜਿਵੇਂ ਖਾਰਕੀਵ ਆਦਿ ਹਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਜਾਨ੍ਹਵੀ ਅਨੁਸਾਰ ਉਹ ਯੂਕਰੇਨ ਦੇ ਪੱਛਮੀ ਹਿੱਸੇ ਵਿਚ ਰਹਿ ਰਹੇ ਸਨ ਜਿਸ ਦੀ ਸਰਹੱਦ ਪੋਲੈਂਡ ਨਾਲ ਲਗਦੀ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਅਤੇ ਰੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਉਥੇ ਫਸੇ ਬੱਚਿਆਂ ਨੂੰ ਜਲਦ ਹੀ ਭਾਰਤ ਵਾਪਸ ਲਿਆਂਦਾ ਜਾਵੇ ਕਿਉਂਕਿ ਕਿਸੇ ਸਮੇਂ ਕੁਝ ਵੀ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਹਰ ਵੇਲੇ ਮੌਤ ਦਾ ਡਰ ਲੱਗਾ ਰਹਿੰਦਾ ਹੈ। ਇਥੋਂ ਤੱਕ ਕਿ ਉਨ੍ਹਾਂ ਵਲੋਂ ਰੱਖਿਆ ਰਾਸ਼ਨ ਵੀ ਖਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੀ ਭਾਰਤ ਸਰਕਾਰ ਅੱਗੇ ਗੁਜਾਰਿਸ਼ ਹੈ ਕਿ ਉਨ੍ਹਾਂ ਨੂੰ ਜਲਦ ਹੀ ਵਤਨ ਵਾਪਸ ਲਿਆਂਦਾ ਜਾਵੇ।