ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੀ ਵੀਡੀਓ ਸਾਂਝੀ ਕਰ ਰਾਹੁਲ ਗਾਂਧੀ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ 

ਏਜੰਸੀ

ਖ਼ਬਰਾਂ, ਰਾਸ਼ਟਰੀ

'ਭਾਰਤੀ ਵਿਦਿਆਰਥੀਆਂ ਨੂੰ ਤੁਰੰਤ ਲਿਆਂਦਾ ਜਾਵੇ ਦੇਸ਼ ਵਾਪਸ ਅਤੇ ਉਨ੍ਹਾਂ ਨਾਲ ਸਾਂਝੀ ਕੀਤੀ ਜਾਵੇ ਪੂਰੀ ਯੋਜਨਾ'

Rahul Gandhi

ਕਿਹਾ, ਇਸ ਤਰ੍ਹਾਂ ਦੀ ਹਿੰਸਾ ਦੇ ਸ਼ਿਕਾਰ ਹੋ ਰਹੇ ਭਾਰਤੀ ਵਿਦਿਆਰਥੀਆਂ ਦੀ ਵੀਡੀਓ ਦੇਖ ਕੇ ਮੇਰਾ ਦਿਲ ਬਹੁਤ ਦੁਖੀ ਹੋ ਰਿਹਾ ਹੈ
ਨਵੀਂ ਦਿੱਲੀ :
 ਯੂਕਰੇਨ ’ਚ ਫਸੇ ਭਾਰਤੀ ਮੈਡੀਕਲ ਵਿਦਿਆਰਥੀਆਂ ਨਾਲ ਕੁੱਟਮਾਰ ਅਤੇ ਹਿੰਸਾ ਦੀਆਂ ਚਿੰਤਾਜਨਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਚਲਦੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਨਾਲ ਜੁੜੀ ਇਕ ਵੀਡੀਓ ਆਪਣੇ ਟਵਿੱਟਰ ਹੈਂਡਲ ’ਤੇ ਸਾਂਝੀ ਕੀਤੀ ਹੈ।

ਵੀਡੀਓ ਸਾਂਝੀ ਕਰਦਿਆਂ ਰਾਹੁਲ ਗਾਂਧੀ ਨੇ ਲਿਖਿਆ, ''ਇਸ ਤਰ੍ਹਾਂ ਦੀ ਹਿੰਸਾ ਦੇ ਸ਼ਿਕਾਰ ਹੋ ਰਹੇ ਭਾਰਤੀ ਵਿਦਿਆਰਥੀਆਂ ਦੀ ਵੀਡੀਓ ਦੇਖ ਕੇ ਮੇਰਾ ਦਿਲ ਬਹੁਤ ਦੁਖੀ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਵੀ ਇਹ ਵੀਡੀਓ ਦੇਖ ਰਹੇ ਹਨ। ਕਿਸੇ ਵੀ ਮਾਤਾ-ਪਿਤਾ ਨੂੰ ਇਸ ਤਰ੍ਹਾਂ ਦੇ ਦਰਦ ਵਿਚੋਂ ਨਹੀਂ ਲੰਘਣਾ ਚਾਹੀਦਾ। ਭਾਰਤ ਸਰਕਾਰ ਨੂੰ ਫੌਰੀ ਤੌਰ 'ਤੇ ਯੂਕਰੇਨ ਵਿਚ ਫਸੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਨੂੰ ਉਥੋਂ ਕੱਢਣ ਦੀ ਆਪਣੀ ਯੋਜਨਾ ਸਾਂਝੀ ਕਰਨੀ ਚਾਹੀਦੀ ਹੈ। ਅਸੀਂ ਆਪਣੇ ਲੋਕਾਂ ਨੂੰ ਨਹੀਂ ਛੱਡ ਸਕਦੇ।''

ਰਾਹੁਲ ਗਾਂਧੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯੂਕਰੇਨ ਵਿਚ ਫਸੇ ਬੱਚਿਆਂ ਨੂੰ ਤੁਰੰਤ ਉੱਥੋਂ ਕੱਢਣ ਦੀ ਵਿਸਥਾਰਪੂਰਵਕ ਯੋਜਨਾ ਉੱਥੇ ਫਸੇ ਹੋਏ ਲੋਕਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ। ਦੱਸ ਦੇਈਏ ਕਿ ਯੂਕਰੇਨ ਵਿਚ ਫਸੇ ਭਾਰਤੀ ਬੱਚਿਆਂ ਨੂੰ ਕੱਢਣ ਲਈ ਸਰਕਾਰ ਵਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਕਈ ਬੱਚਿਆਂ ਨੂੰ ਉਥੋਂ ਵਾਪਸ ਦੇਸ਼ ਵੀ ਲਿਆਂਦਾ ਜਾ ਚੁੱਕਾ ਹੈ ਪਰ ਅਜੇ ਵੀ ਬਹੁਤ ਸਾਰੇ ਭਾਰਤੀ ਬਚੇ ਉਥੇ ਹੀ ਫਸੇ ਹੋਏ ਹਨ।