ਸੌਦਾ ਸਾਧ ਦੀ ਫਰਲੋ ਹੋਈ ਖ਼ਤਮ, ਮੁੜ ਸੁਨਾਰੀਆ ਜੇਲ੍ਹ 'ਚ ਢੱਕਿਆ ਸੌਦਾ ਸਾਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੱਖ-ਵੱਖ ਮਾਮਲਿਆਂ 'ਚ ਸਜ਼ਾ ਭੁਗਤ ਰਿਹਾ ਸੌਦਾ ਸਾਧ

Photo

 

ਸੌਦਾ ਸਾਧ ਦੀ ਫਰਲੋ ਅੱਜ ਖ਼ਤਮ ਹੋ ਗਈ ਹੈ। ਸੋਮਵਾਰ ਨੂੰ ਕਰੀਬ 11 ਵਜੇ ਗੁਰੂਗ੍ਰਾਮ ਸਥਿਤ ਡੇਰੇ 'ਚੋਂ ਨਿਕਲਿਆ। ਕਰੀਬ 50 ਮਿੰਟ ਦਾ ਸਫ਼ਰ ਤੈਅ ਕਰ ਕੇ ਰਾਮ ਰਹੀਮ ਸੁਨਾਰੀਆ ਜੇਲ੍ਹ ਪਹੁੰਚ ਗਿਆ। 

ਉਸ ਨਾਲ 10 ਗੱਡੀਆਂ ਦਾ ਕਾਫ਼ਲਾ ਸੀ। ਜੇਲ੍ਹ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਸੁਰੱਖਿਆ ਲਈ 100 ਤੋਂ ਵਧ ਪੁਲਿਸ ਮੁਲਾਜ਼ਮਾਂ ਨੂੰ ਲਗਾਇਆ ਗਿਆ ਸੀ। ਸੌਦਾ ਸਾਧ 21 ਦਿਨਾਂ ਦੀ ਫਰਲੋ 'ਤੇ ਬਾਹਰ ਆਇਆ ਸੀ। 

ਕਤਲ ਤੇ ਬਲਾਤਕਾਰ ਦੇ ਮਾਮਲੇ 'ਚ ਸੁਨਾਰੀਆ ਜੇਲ 'ਚ ਸਜ਼ਾ ਕੱਟ ਰਹੇ ਸੌਦਾ ਸਾਧ ਨੂੰ ਬੀਤੀ 7 ਫ਼ਰਵਰੀ ਨੂੰ ਫਰਲੋ ਦਿੱਤੀ ਗਈ ਸੀ। ਇਸ ਦੌਰਾਨ ਸਰਕਾਰ ਨੇ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਉਸ ਨੂੰ ਜ਼ੈੱਡ ਪਲੱਸ (Z Plus Security) ਵੀ ਮੁਹੱਈਆ ਕਰਵਾਈ ਸੀ।

 

ਫਰਲੋ ਦੌਰਾਨ ਰਾਮ ਰਹੀਮ ਜ਼ਿਆਦਾਤਰ ਸਮਾਂ ਆਪਣੇ ਗੁਰੂਗ੍ਰਾਮ ਸਥਿਤ ਆਸ਼ਰਮ 'ਚ ਹੀ ਰਿਹਾ। ਫਰਲੋ ਐਤਵਾਰ ਨੂੰ ਖ਼ਤਮ ਹੋ ਗਈ ਤੇ ਉਸ ਨੇ ਜੇਲ੍ਹ 'ਚ ਆਤਮ ਸਮਰਪਣ ਕੀਤਾ ਹੈ। 

ਫਰਲੋ ਖ਼ਤਮ ਹੋਣ ਤੋਂ ਪਹਿਲਾਂ, ਡੇਰਾ ਮੁਖੀ ਨੇ ਐਤਵਾਰ ਰਾਤ ਨੂੰ ਗੁਰੂਗ੍ਰਾਮ ਦੇ ਨਾਮਚਰਚਾ ਘਰ ਵਿੱਚ ਆਪਣੇ ਪਰਿਵਾਰ ਅਤੇ ਡੇਰਾ ਪ੍ਰਬੰਧਕਾਂ ਦੇ ਮੈਂਬਰਾਂ ਲਈ ਇੱਕ ਛੋਟੀ ਪਾਰਟੀ ਦਾ ਆਯੋਜਨ ਕੀਤਾ। ਇਸ ਵਿੱਚ ਸਿਰਸਾ ਡੇਰੇ ਤੋਂ ਅਹਿਮ ਅਧਿਕਾਰੀ ਵੀ ਪੁੱਜੇ। ਰਾਤ 10 ਤੋਂ 11 ਵਜੇ ਤੱਕ ਚੋਣਵੇਂ ਲੋਕਾਂ ਦੀ ਪਾਰਟੀ ਸ਼ੁਰੂ ਹੋਈ। ਇਸ ਵਿੱਚ ਡੇਰਾ ਮੁਖੀ ਨੇ ਅਧਿਕਾਰੀਆਂ ਨਾਲ ਕੁਝ ਅਹਿਮ ਗੱਲਬਾਤ ਵੀ ਕੀਤੀ। ਰਾਮ ਰਹੀਮ ਨੇ ਗੁਰਗੱਦੀ ਦਿਵਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਜੇਲ੍ਹ ਜਾਣ ਤੋਂ ਪਹਿਲਾਂ ਡੇਰਾ ਮੁਖੀ ਦੀ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਸਿਰਸਾ ਡੇਰਾ ਸੱਚਾ ਸੌਦਾ ਵਿੱਚ ਅੱਜ ਸ਼ਾਹ ਸਤਨਾਮ ਸਿੰਘ ਦਾ ਗੁਰਗੱਦੀ ਦਿਵਸ ਹੈ। ਇਹ ਪ੍ਰੋਗਰਾਮ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਚੱਲੇਗਾ। ਇਸ ਵਿੱਚ ਦੂਜੇ ਰਾਜਾਂ ਤੋਂ ਕਰੀਬ 50 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਸ਼ਰਧਾਲੂ ਉਮੀਦ ਕਰਦੇ ਹਨ ਕਿ ਬਾਬੇ ਦਾ ਕੋਈ ਸੰਦੇਸ਼ ਜਾਂ ਵੀਡੀਓ ਉਨ੍ਹਾਂ ਨੂੰ ਵਿਖਾਇਆ ਜਾਂ ਸੁਣਾਇਆ ਜਾਵੇਗਾ।  ਆਯੋਜਨ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ।