825 ਕਿਲੋ ਪਿਆਜ਼ ਵੇਚਣ ਮੰਡੀ ਪਹੁੰਚਿਆ ਕਿਸਾਨ, ਮੁਨਾਫਾ 0 ਰੁਪਏ, ਕਿਹਾ- ਜਿਓਂਦੇ ਕਿਵੇਂ ਰਹੀਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਟਰ ਅਤੇ ਪਿਆਜ਼ ਦੀਆਂ ਬੋਰੀਆਂ ਦੀ ਢੋਆ-ਢੁਆਈ ਦਾ ਕੁੱਲ ਖਰਚਾ 826.46 ਰੁਪਏ ਸੀ

File Photo

ਮਹਾਰਾਸ਼ਟਰ - ਮੰਡੀ ਵਿਚ ਪਿਆਜ਼ ਦੀਆਂ ਕੀਮਤਾਂ ਡਿੱਗਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਰਾਸ਼ਟਰ ਦੇ ਸੋਲਾਪੁਰ ਵਿਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ 825 ਕਿਲੋ ਪਿਆਜ਼ ਵੇਚਣ ਲਈ ਮੰਡੀ ਪਹੁੰਚੇ ਬੰਦੂ ਭੰਗੇ ਨਾਂ ਦੇ ਕਿਸਾਨ ਨੇ ਪਿਆਜ਼ ਵੇਚ ਕੇ 0 ਰੁਪਏ ਦਾ ਮੁਨਾਫਾ ਕਮਾਇਆ ਹੈ। 

ਇਸ ਸਬੰਧੀ ਬਿੱਲ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ। ਇਸ ਵਿਚ ਕਿਸਾਨ ਦਾ ਸ਼ੁੱਧ ਲਾਭ 1 ਰੁਪਏ ਹੈ। ਯਾਨੀ ਕਿ ਕਿਸਾਨ ਵੱਲੋਂ ਪਿਆਜ਼ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਮੋਟਰ ਅਤੇ ਪਿਆਜ਼ ਦੀਆਂ ਬੋਰੀਆਂ ਦੀ ਢੋਆ-ਢੁਆਈ ਦਾ ਕੁੱਲ ਖਰਚਾ 826.46 ਰੁਪਏ ਸੀ। ਇਸ ਦਾ ਮਤਲਬ ਹੈ ਕਿ ਬਾਜ਼ਾਰ 'ਚ ਪਿਆਜ਼ ਦੀ ਕੀਮਤ 1 ਰੁਪਏ ਪ੍ਰਤੀ ਕਿਲੋ ਰਹੀ। 

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਸੋਲਾਪੁਰ ਅਜਿਹਾ ਮਾਮਲਾ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ। ਇਹ ਮਾਮਲਾ ਬਾਰਸ਼ੀ ਤਹਿਸੀਲ ਦੇ ਰਹਿਣ ਵਾਲੇ 63 ਸਾਲਾ ਕਿਸਾਨ ਰਾਜਿੰਦਰ ਚਵਾਨ ਨਾਲ ਸਬੰਧਤ ਸੀ। ਚਵਾਨ ਪਿਛਲੇ ਹਫ਼ਤੇ 5 ਕੁਇੰਟਲ ਪਿਆਜ਼ ਲੈ ਕੇ ਸੋਲਾਪੁਰ ਮੰਡੀ ਪਹੁੰਚਿਆ ਸੀ। ਇਸ ਦਿਨ ਪਿਆਜ਼ ਦੀ ਕੀਮਤ ਇਕ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦੇਖਣ ਨੂੰ ਮਿਲੀ। 

ਪਰ ਭਾੜੇ, ਢੋਆ-ਢੁਆਈ ਆਦਿ ਦੇ ਸਾਰੇ ਖਰਚੇ ਕੱਟਣ ਤੋਂ ਬਾਅਦ ਉਸ ਨੂੰ ਸਿਰਫ਼ 2 ਰੁਪਏ ਦਾ ਲਾਭ ਮਿਲਿਆ। ਉਨ੍ਹਾਂ ਕਿਹਾ ਕਿ ਮੈਂ 5 ਕੁਇੰਟਲ ਤੋਂ ਵੱਧ ਵਜ਼ਨ ਵਾਲੇ ਪਿਆਜ਼ ਦੀਆਂ 10 ਬੋਰੀਆਂ ਸੋਲਾਪੁਰ ਦੇ ਇੱਕ ਪਿਆਜ਼ ਵਪਾਰੀ ਨੂੰ ਵੇਚਣ ਲਈ ਭੇਜੀਆਂ ਸਨ। ਹਾਲਾਂਕਿ, ਲੋਡਿੰਗ ਅਤੇ ਅਨਲੋਡਿੰਗ, ਆਵਾਜਾਈ, ਮਜ਼ਦੂਰੀ ਅਤੇ ਹੋਰ ਖਰਚਿਆਂ ਦੀ ਕਟੌਤੀ ਕਰਨ ਤੋਂ ਬਾਅਦ, ਉਸ ਨੂੰ ਸਿਰਫ 2.49 ਰੁਪਏ ਮਿਲੇ। 

ਚਵਾਨ ਨੇ ਇਸ ਸਬੰਧੀ ਦੱਸਿਆ ਕਿ ਉਸ ਨੂੰ ਪਿਆਜ਼ ਦਾ ਭਾਅ ਵਪਾਰੀ ਤੋਂ 100 ਰੁਪਏ ਪ੍ਰਤੀ ਕੁਇੰਟਲ ਮਿਲਿਆ ਹੈ। ਉਸ ਦੀ ਕੁੱਲ ਫ਼ਸਲ ਦਾ ਭਾਰ 512 ਕਿਲੋ ਸੀ। ਇਸ ਦੇ ਬਦਲੇ ਉਸ ਨੂੰ 512 ਰੁਪਏ ਮਿਲੇ। ਕਿਸਾਨ ਨੇ ਅੱਗੇ ਦੱਸਿਆ ਕਿ ਪਿਆਜ਼ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਅਤੇ ਸਾਰਾ ਖਰਚਾ ਜੋੜ ਕੇ ਕੁੱਲ 509.51 ਰੁਪਏ ਦਾ ਖਰਚਾ ਆਇਆ। ਇਹ ਸਭ ਕਟੌਤੀ ਕਰਨ ਤੋਂ ਬਾਅਦ ਉਸ ਨੂੰ 2.49 ਰੁਪਏ ਦਾ ਲਾਭ ਹੋਇਆ।

ਉਸ ਨੇ ਕਿਹਾ ਕਿ ਇਹ ਉਸ ਦਾ ਅਤੇ ਸੂਬੇ ਦੇ ਹੋਰ ਪਿਆਜ਼ ਕਿਸਾਨਾਂ ਦਾ ਅਪਮਾਨ ਹੈ। ਜੇ ਉਹਨਾਂ ਨੂੰ ਇੰਨੇ ਭਾਅ ਮਿਲੇ ਤਾਂ ਉਹ ਕਿਵੇਂ ਬਚਣਗੇ? ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਚੰਗਾ ਭਾਅ ਮਿਲਣਾ ਚਾਹੀਦਾ ਹੈ ਅਤੇ ਪੀੜਤ ਕਿਸਾਨਾਂ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।