Viral News: ਨਰਸਾਂ ਨੂੰ ਆਪਰੇਸ਼ਨ ਥੀਏਟਰ ਵਿਚ ਰੀਲ ਬਣਾਉਣਾ ਪਿਆ ਮਹਿੰਗਾ; ਵੀਡੀਉ ਵਾਇਰਲ ਹੋਣ ਮਗਰੋਂ ਕੀਤਾ ਬਰਖ਼ਾਸਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਸ਼ਪਾ ਸਾਹੂ, ਤ੍ਰਿਪਤੀ ਦਾਸਰ ਅਤੇ ਤੇਜ ਕੁਮਾਰੀ ਨੂੰ 23 ਫਰਵਰੀ ਨੂੰ ਉਨ੍ਹਾਂ ਵਿਰੁਧ ਸ਼ਿਕਾਇਤ ਮਿਲਣ ਤੋਂ ਬਾਅਦ ਬਰਖਾਸਤ ਕਰ ਦਿਤਾ ਗਿਆ ਸੀ।

3 nurses terminated in Raipur hospital for making reels inside operation theatre

Viral News: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਇਕ ਸਰਕਾਰੀ ਹਸਪਤਾਲ ਦੇ ਆਪਰੇਸ਼ਨ ਥੀਏਟਰ ਦੇ ਅੰਦਰ ਕਥਿਤ ਤੌਰ 'ਤੇ ਰੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਦੇ ਦੋਸ਼ ਵਿਚ ਤਿੰਨ ਨਰਸਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਬਰਖਾਸਤ ਕਰ ਦਿਤਾ ਗਿਆ ਹੈ।

ਰਾਏਪੁਰ ਸਥਿਤ ਦਾਊ ਕਲਿਆਣ ਸਿੰਘ ਪੋਸਟ ਗ੍ਰੈਜੂਏਟ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦੇ ਡਿਪਟੀ ਸੁਪਰਡੈਂਟ ਡਾ. ਹੇਮੰਤ ਸ਼ਰਮਾ ਨੇ ਦਸਿਆ ਕਿ ਸੰਸਥਾ ਦੀਆਂ ਡੇਲੀ ਵੇਜ ਸਟਾਫ ਨਰਸਾਂ ਪੁਸ਼ਪਾ ਸਾਹੂ, ਤ੍ਰਿਪਤੀ ਦਾਸਰ ਅਤੇ ਤੇਜ ਕੁਮਾਰੀ ਨੂੰ 23 ਫਰਵਰੀ ਨੂੰ ਉਨ੍ਹਾਂ ਵਿਰੁਧ ਸ਼ਿਕਾਇਤ ਮਿਲਣ ਤੋਂ ਬਾਅਦ ਬਰਖਾਸਤ ਕਰ ਦਿਤਾ ਗਿਆ ਸੀ।

ਸ਼ਰਮਾ ਨੇ ਦਸਿਆ ਕਿ ਇਸ ਮਹੀਨੇ ਦੀ 5 ਤਰੀਕ ਨੂੰ ਤਿੰਨਾਂ ਨੇ ਬਰਨ ਐਂਡ ਪਲਾਸਟਿਕ ਸਰਜਰੀ ਯੂਨਿਟ ਦੇ ਆਪਰੇਸ਼ਨ ਥੀਏਟਰ ਦੇ ਅੰਦਰ ਰੀਲ ਬਣਾਈ ਸੀ। ਇਸ ਬਾਰੇ ਜਦੋਂ ਸਹਾਇਕ ਨਰਸਿੰਗ ਸੁਪਰਡੈਂਟ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਕਿਹਾ, “ਆਪ੍ਰੇਸ਼ਨ ਥੀਏਟਰ ਦੇ ਅੰਦਰ ਫੋਟੋਆਂ ਖਿੱਚਣੀਆਂ ਅਤੇ ਰੀਲਾਂ ਬਣਾਉਣਾ ਨਿਯਮਾਂ ਦੇ ਵਿਰੁਧ ਹੈ। ਤਿੰਨ ਨਰਸਾਂ ਆਪਰੇਸ਼ਨ ਥੀਏਟਰ ਦੇ ਅੰਦਰ ਜੁੱਤੀਆਂ ਪਹਿਨ ਕੇ ਅੰਦਰ ਦਾਖ਼ਲ ਹੋਈਆਂ ਅਤੇ ਰੀਲ ਬਣਾਈ, ਜੋ ਨਿਯਮਾਂ ਦੇ ਖ਼ਿਲਾਫ਼ ਹੈ”। ਸ਼ਰਮਾ ਨੇ ਦਸਿਆ ਕਿ ਜਦੋਂ ਵਾਰਡ ਇੰਚਾਰਜ ਨਰਸ ਨੇ ਉਨ੍ਹਾਂ ਦੀ ਹਰਕਤ 'ਤੇ ਇਤਰਾਜ਼ ਜਤਾਇਆ ਤਾਂ ਤਿੰਨਾਂ ਨੇ ਉਸ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕੀਤਾ।

ਉਨ੍ਹਾਂ ਦਸਿਆ ਕਿ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਤਿੰਨੋਂ ਨਰਸਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਬਰਖਾਸਤ ਕਰ ਦਿਤਾ ਗਿਆ ਹੈ। ਹਸਪਤਾਲ ਪ੍ਰਬੰਧਨ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਦੋ ਰੀਲਾਂ ਵਿਚੋਂ ਇਕ ਵਿਚ, ਤਿੰਨ ਨਰਸਾਂ, ਆਪ੍ਰੇਸ਼ਨ ਥੀਏਟਰਾਂ ਵਿਚ ਵਰਤੇ ਜਾਂਦੇ ਹਰੇ ਰੰਗ ਦੇ ਪਹਿਰਾਵੇ ਵਿਚ ਬਾਲੀਵੁੱਡ ਗੀਤ 'ਫਿਰਤਾ ਰਾਹੋਂ ਮੈਂ ਦਰ ਬਦਰ' 'ਤੇ ਸਰਜੀਕਲ ਯੰਤਰ ਫੜ ਕੇ ਨੱਚਦੀਆਂ ਦਿਖਾਈ ਦਿੰਦੀਆਂ ਹਨ। ਉਥੇ ਹੀ ਇਕ ਹੋਰ ਰੀਲ 'ਚ ਉਹ ‘ਵ੍ਹਾਈ ਦਿਸ ਕੋਲਾਵੇਰੀ ਡੀ' ਗੀਤ 'ਤੇ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ।

(For more Punjabi news apart from Viral News: 3 nurses terminated in Raipur hospital for making reels inside operation theatre, stay tuned to Rozana Spokesman)