Manish Tewari: ਮੁਗਲਾਂ ਦੇ ਸਮੇਂ ਤੋਂ ਮੌਜੂਦਾ ਸਮੇਂ ਤੱਕ ਦਿੱਲੀ ਨੇ ਕਦੇ ਪੰਜਾਬ ਨੂੰ ਨਹੀਂ ਸਮਝਿਆ: ਮਨੀਸ਼ ਤਿਵਾੜੀ
ਸਜ਼ਾ ਯਾਫ਼ਤਾ ਆਗੂਆਂ ਨੂੰ ਚੋਣ ਲੜਨ ਲਈ ਸਦਾ ਲਈ ਅਯੋਗ ਕਰਾਰ ਦੇਣਾ ਨਹੀਂ ਠੀਕ
Manish Tewari: ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਕੇਂਦਰ ਸਰਕਾਰ ’ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਮੁਗਲਾਂ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਦਿੱਲੀ ਨੇ ਕਦੇ ਵੀ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇਸ ਦਾ ਵੱਡਾ ਖਮਿਆਜਾ ਦਿੱਲੀ ਅਤੇ ਪੰਜਾਬ ਦੋਵਾਂ ਨੂੰ ਭੁਗਤਣਾ ਪਿਆ।
ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਅੱਛਰ ਸ਼ਰਮਾ ਵੱਲੋਂ ਪਾਰਟੀ ਵਰਕਰਾਂ ਦੇ ਰੱਖੇ ਗਏ ਪ੍ਰੋਗਰਾਮ ’ਚ ਪੁੱਜੇ। ਤਿਵਾੜੀ ਨੇ ਕਿਹਾ ਕਿ ਕੇਂਦਰ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੀ ਇਕ ਅਮੀਰ ਵਿਰਾਸਤ ਹੈ ਤੇ ਪੰਜਾਬੀਆਂ ਨੂੰ ਆਪਣੀ ਬੋਲੀ ’ਤੇ ਮਾਣ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਹੋਂਦ ਪੰਜਾਬ, ਪੰਜਾਬੀਅਤ ਤੇ ਪੰਜਾਬੀ ਤੇ ਨਿਰਭਰ ਹੈ ਤੇ ਜੇਕਰ ਸੀਬੀਐਸਈ ਜਾਂ ਹੋਰ ਅਦਾਰਾ ਸੂਬੇ ਅੰਦਰੋਂ ਪੰਜਾਬੀ ਨੂੰ ਖ਼ਤਮ ਕਰਨ ਦੀ ਗੱਲ ਵੀ ਕਰੇਗਾ ਤਾਂ ਪੰਜਾਬੀ ਉਸ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।
ਕੇਂਦਰੀ ਅਦਾਰੇ ਬੀਬੀਐਮਬੀ ਵਿੱਚ ਪੰਜਾਬ ਦੀ ਘੱਟ ਰਹੀ ਨੁਮਾਇੰਦਗੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਤਿਵਾੜੀ ਨੇ ਕਿਹਾ ਕਿ ਪੁਰਾਣੀਆਂ ਰਵਾਇਤਾਂ ਨੂੰ ਤੋੜ ਕੇ ਕੇਂਦਰ ਵੱਲੋਂ ਬੀਬੀਐਮਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਨੂੰ ਘੱਟ ਕੀਤਾ ਜਾਣਾ ਨਿੰਦਣਯੋਗ ਹੈ।
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਲਈ ਪਾਰਟੀ ਅੰਦਰ ਚੱਲ ਰਹੀ ਖ਼ਾਨਾਜੰਗੀ ਬਾਰੇ ਤਿਵਾੜੀ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਸੂਬਾ ਕਾਂਗਰਸ ਨੂੰ ਵਧੀਆ ਢੰਗ ਨਾਲ ਚਲਾ ਰਹੇ ਹਨ ਅਤੇ ਰਾਣਾ ਗੁਰਜੀਤ ਸਿੰਘ ਵੱਲੋਂ ਬੀਤੇ ਦਿਨੀਂ ਕਾਂਗਰਸ ਪ੍ਰਧਾਨ ਬਾਰੇ ਕੀਤੀ ਗਈ ਬਿਆਨਬਾਜ਼ੀ ਮੰਦਭਾਗੀ।
ਉਹਨਾਂ ਕਿਹਾ ਕਿ ਆਗੂਆਂ ਅੰਦਰ ਆਪਸੀ ਵੱਖਰੇਵੇਂ ਹੋਣੇ ਸੰਭਾਵਿਕ ਹਨ ਪ੍ਰੰਤੂ ਜਨਤਕ ਪਲੇਟਫਾਰਮ ਦੀ ਥਾਂ ਪਾਰਟੀ ਅੰਦਰ ਹੀ ਇਹਨਾਂ ਨੂੰ ਵਿਚਾਰਨਾ ਚਾਹੀਦਾ ਹੈ। ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਆਗੂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਸੰਭਾਵਨਾ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਆ ਤਿਵਾੜੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ, ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਪੰਜਾਬ ਦੇ ਹਾਲਾਤ ਦੇਸ਼ ਨਾਲੋਂ ਵੱਖਰੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕੁਝ ਮਸਲਿਆਂ ਤੇ ਇੱਕ ਮੁੱਠ ਹੋ ਕੇ ਪੰਜਾਬ ਦੇ ਭਵਿੱਖ ਬਾਰੇ ਸੋਚਣਾ ਪਵੇਗਾ ਤੇ ਆਮ ਸਹਿਮਤੀ ਬਣਾਉਣੀ ਪਵੇਗੀ। ਕਿਸੇ ਸਜ਼ਾ ਯਾਫ਼ਤਾ ਆਗੂ ਨੂੰ ਸਦਾ ਲਈ ਚੋਣਾਂ ਲੜਨ ਲਈ ਆਯੋਗ ਕਰਾਰ ਦੇਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਤਿਵਾੜੀ ਨੇ ਕੇਂਦਰ ਸਰਕਾਰ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਕਾਨੂੰਨ ਅਨੁਸਾਰ ਜੇਕਰ ਕੋਈ ਕਿਸੇ ਤੇ ਗੁਨਾਹ ਲਈ ਸਜ਼ਾ ਕੱਟ ਲੈਂਦਾ ਹੈ ਤਾਂ ਉਸ ਨੂੰ ਸਦਾ ਲਈ ਚੋਣ ਲੜਨ ਲਈ ਆਯੋਗ ਕਰਾਰ ਦੇਣਾ ਯੋਗ ਨਹੀਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਭੀਰੀ, ਕੁਲਦੀਪ ਸਿੰਘ ਬੰਗਾ, ਰਾਜ ਸਿੰਘ ਨੰਗਲ, ਪ੍ਰਤਾਪ ਸੈਣੀ, ਪਵਨ ਦੀਵਾਨ, ਗੁਰਬੀਰ ਸਿੰਘ ਗੱਜਪੁਰ ਅਤੇ ਜਸਵੀਰ ਸਿੰਘ ਸੈਣੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਜਸਵੀਰ ਸਿੰਘ ਸੈਣੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।