'ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ', ਦਿੱਲੀ ਪ੍ਰਦੂਸ਼ਣ ਨੂੰ ਲੈ ਕੇ ਪਿਯੂਸ਼ ਗੋਇਲ ਦਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

'ਪੰਜਾਬ ਤੋਂ 500 KM ਦੂਰ ਤੱਕ ਪ੍ਰਦੂਸ਼ਣ ਪਹੁੰਚਣਾ ਹਾਸੋ-ਹੀਣ'

It is wrong to hold Punjab farmers responsible for pollution Piyush Goyal

ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਤੋਂ 500 ਕਿਲੋਮੀਟਰ ਦੂਰ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ‘ਹਾਸੋਹੀਣਾ’ ਹੈ। ਗੋਇਲ ਨੇ ਸਾਰਿਆਂ ਨੂੰ ਕਿਹਾ ਕਿ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਆਪਣੇ ਦਿਮਾਗ ਦੀ ਵਰਤੋਂ ਕਰਨੀ ਚਾਹੀਦੀ ਹੈ।  ਗੋਇਲ ਨੇ ਕਿਹਾ, "ਦਿੱਲੀ ਦੀ ਖ਼ਾਤਰ, ਕਿਸੇ ਵੀ ਵਿਅਕਤੀ 'ਤੇ ਵਿਸ਼ਵਾਸ ਨਾ ਕਰੋ ਜੋ ਤੁਹਾਨੂੰ ਇਹ ਕਹੇ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਹਨ।"

ਕੇਂਦਰੀ ਮੰਤਰੀ ਨੇ ਆਈਐੱਮਸੀ ਚੈਂਬਰ ਆਫ਼ ਕਾਮਰਸ ਐਂਡ ਇੰਸਟਰੀ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਮੈਨੂੰ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਇਹ ਪ੍ਰਦੂਸ਼ਣ 500 ਕਿਲੋਮੀਟਰ ਦੀ ਯਾਤਰਾ ਕਰ ਕੇ ਗੁਰੂਗ੍ਰਾਮ ਦੀਆਂ ਉੱਚੀਆਂ ਇਮਾਰਤਾਂ ਤੋਂ ਹੁੰਦਾ ਹੋਇਆ ਕਿਵੇਂ ਨਵੀਂ ਦਿੱਲੀ ਸਥਿਤ ਮੇਰੇ ਘਰ ਪਹੁੰਚ ਜਾਂਦਾ ਹੈ।’’ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਪਰਾਲੀ ਸਾੜਨ ਦਾ ਸਮਰਥਨ ਵੀ ਨਹੀਂ ਕਰ ਰਹੇ ਹਨ।

ਝੋਨੇ ਦੀ ਫ਼ਸਲ ਕੱਟਣ ਤੋਂ ਬਾਅਦ ਕਿਸਾਨਾਂ ਵੱਲੋਂ ਪਰਾਲੀ ਸਾੜੇ ਜਾਣ ਨੂੰ ਹਮੇਸ਼ਾ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਦੇ ਉੱਚ ਪੱਧਰ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਦਿੱਲੀ ਵਿੱਚ ਹਵਾ ਦੀ ਗੁਣਵੱਤਾ ਸਾਲ ਵਿੱਚ ਕਈ ਦਿਨਾਂ ਤੱਕ ਖ਼ਰਾਬ ਜਾਂ ਮਾੜੀ ਬਣੀ ਰਹਿੰਦੀ ਹੈ ਅਤੇ ਪ੍ਰਦੂਸ਼ਣ ਦੇ ਉੱਚ ਪੱਧਰ ਤੋਂ ਹੋਣ ਵਾਲੇ ਸਿਹਤ ਸਬੰਧੀ ਖਤਰਿਆਂ ਬਾਰੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ।

ਗੋਇਲ ਨੇ ਕਿਹਾ ਕਿ ਨਿਰਮਾਣ ਗਤੀਵਿਧੀਆਂ ਅਤੇ ਵਾਹਨਾਂ ਤੋਂ ਨਿਕਲਣ ਵਾਲਾ ਕਾਰਬਨ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਉਨ੍ਹਾਂ ਸਾਰਿਆਂ ਨੂੰ ਢਾਂਚਾ ਆਧਾਰਿਤ ਨਿਰਮਾਣ ਗਤੀਵਿਧੀਆਂ ਤੇ ਇਲੈਕਟ੍ਰਿਕ ਟਰਾਂਸਪੋਰਟ ਅਪਣਾਉਣ ਦੀ ਅਪੀਲ ਕੀਤੀ। ਮੁੰਬਈ ਉੱਤਰ ਖੇਤਰ ਤੋਂ ਸੰਸਦ ਮੈਂਬਰ ਗੋਇਲ ਨੇ ਦੁਬਈ ਤੇ ਸਿੰਗਾਪੁਰ ਵਾਂਗ ਆਪਣੇ ਦੇਸ਼ ਵਿੱਚ ਵੀ ਸਾਫ਼-ਸੁਥਰੀਆਂ ਸੜਕਾਂ ਬਣਾਉਣ ਅਤੇ ਪ੍ਰਦੂਸ਼ਣ ਮੁਕਤ ਮਾਹੌਲ ਸਿਰਜਣ ਦੀ ਅਪੀਲ ਕੀਤੀ।