Accident in Jammu and Kashmir: ਪੁੰਛ ਨਦੀ 'ਚ ਕਾਰ ਡਿੱਗਣ ਕਾਰਨ 7 ਲੋਕ ਜ਼ਖ਼ਮੀ, ਬਚਾਅ ਕਾਰਜ ਜਾਰੀ
ਡਿਪਟੀ ਕਮਿਸ਼ਨਰ ਵਿਕਾਸ ਕੁਮਾਰ ਕੁੰਡਲ ਨੇ ਕਿਹਾ ਕਿ ਸੱਤ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ
Major accident in Jammu and Kashmir: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਇੱਕ ਕਾਰ ਸੜਕ ਤੋਂ ਉਤਰ ਕੇ ਪੁੰਛ ਨਦੀ ਵਿੱਚ ਡਿੱਗਣ ਕਾਰਨ ਸੱਤ ਲੋਕ ਜ਼ਖ਼ਮੀ ਹੋ ਗਏ ਅਤੇ ਹੋਰ ਲਾਪਤਾ ਹੋਣ ਦਾ ਖ਼ਦਸ਼ਾ ਹੈ। ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀ। ਫਸੇ ਲੋਕਾਂ ਨੂੰ ਬਚਾਉਣ ਲਈ ਐਸਐਸਪੀ ਪੁੰਛ ਅਤੇ ਐਸਡੀਆਰਐਫ਼ ਟੀਮਾਂ ਦੀ ਅਗਵਾਈ ਹੇਠ ਬਚਾਅ ਕਾਰਜ ਚਲਾਏ ਜਾ ਰਹੇ ਹਨ। ਬਾਕੀ ਪੀੜਤਾਂ ਦਾ ਪਤਾ ਲਗਾਉਣ ਲਈ ਭਾਲ ਜਾਰੀ ਹੈ।
ਪੁੰਛ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਸ਼ਫਕਤ ਹੁਸੈਨ ਨੇ ਕਿਹਾ ਕਿ ਸਾਨੂੰ ਵੀਰਵਾਰ ਸ਼ਾਮ 7.30 ਵਜੇ ਦੇ ਕਰੀਬ ਸੂਚਨਾ ਮਿਲੀ। ਸਾਡੀਆਂ ਪੁਲਿਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਕਾਰ ਨਦੀ ਵਿੱਚ ਸੀ, ਜਿਸ ਵਿੱਚੋਂ ਅਸੀਂ ਸੱਤ ਲੋਕਾਂ ਨੂੰ ਬਚਾਇਆ। ਹੁਣ ਇਹ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ ਕਿ ਕਾਰ ਵਿੱਚ ਹੋਰ ਯਾਤਰੀ ਸਨ ਜਾਂ ਨਹੀਂ।
ਡਿਪਟੀ ਕਮਿਸ਼ਨਰ ਵਿਕਾਸ ਕੁਮਾਰ ਕੁੰਡਲ ਨੇ ਕਿਹਾ ਕਿ ਸੱਤ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਉਸਨੇ ਦੱਸਿਆ ਕਿ ਸ਼ਾਮ ਨੂੰ ਇੱਕ ਕਾਰ ਨਦੀ ਵਿੱਚ ਡਿੱਗ ਗਈ। ਪੁਲਿਸ, ਐਸਡੀਆਰਐਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਵਾਹਨ ਨੂੰ ਬਾਹਰ ਕੱਢਿਆ। ਸੱਤ ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਇਸ ਵਿੱਚ 11-12 ਯਾਤਰੀ ਸਵਾਰ ਹੋ ਸਕਦੇ ਹਨ। ਇਸ ਵੇਲੇ, ਤਲਾਸ਼ੀ ਮੁਹਿੰਮ ਜਾਰੀ ਹੈ। ਤਿੰਨ ਜ਼ਖਮੀਆਂ ਨੂੰ ਰਾਜੌਰੀ ਰੈਫਰ ਕੀਤਾ ਗਿਆ ਹੈ। ਸੜਕ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।
ਇਸ ਦੌਰਾਨ, ਵੀਰਵਾਰ ਦੁਪਹਿਰ ਨੂੰ ਜੰਮੂ-ਕਸ਼ਮੀਰ ਦੇ ਗੁਰੇਜ਼ ਘਾਟੀ ਦੇ ਖੰਡਿਆਲ ਪਿੰਡ ਵਿੱਚ ਇੱਕ ਬਰਫ਼ ਦਾ ਤੋਦਾ ਡਿੱਗ ਗਿਆ। ਇਸ ਨਾਲ ਇਲਾਕੇ ਦੇ ਕਈ ਘਰ ਪ੍ਰਭਾਵਿਤ ਹੋਏ। ਅਧਿਕਾਰੀਆਂ ਅਨੁਸਾਰ, ਬਰਫ਼ ਦੇ ਤੋਦੇ ਡਿੱਗਣ ਨਾਲ ਇੱਕ ਘਰ ਨੂੰ ਨੁਕਸਾਨ ਪਹੁੰਚਿਆ, ਪਰ ਜ਼ਖਮੀਆਂ ਜਾਂ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਮਾਲ ਅਧਿਕਾਰੀਆਂ ਦੀਆਂ ਟੀਮਾਂ ਨੂੰ ਨੁਕਸਾਨ ਦਾ ਮੁਲਾਂਕਣ ਕਰਨ ਲਈ ਭੇਜਿਆ ਗਿਆ ਹੈ ਅਤੇ ਨਿਵਾਸੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਤੱਕ ਖੇਤਰ ਵਿੱਚ ਬਰਫ਼ਬਾਰੀ ਜਾਰੀ ਰਹੇਗੀ, ਉਹ ਸੁਚੇਤ ਰਹਿਣ।
ਘਾਟੀ ਵਿੱਚ ਬਰਫ਼ਬਾਰੀ ਤੋਂ ਇਲਾਵਾ, ਜੰਮੂ-ਕਸ਼ਮੀਰ ਦੇ ਹੋਰ ਇਲਾਕਿਆਂ ਵਿੱਚ ਲਗਾਤਾਰ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ। ਊਧਮਪੁਰ ਜ਼ਿਲ੍ਹੇ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਇਹ ਸਥਿਤੀ 28 ਫਰਵਰੀ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।