ਬਿਹਾਰ ਫਿਰਕੂ ਹਿੰਸਾ : ਇੰਟਰਨੈੱਟ ਸੇਵਾ ਬੰਦ ਤੇ ਧਾਰਾ 144 ਲਾਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਔਰੰਗਾਬਾਦ,ਭਾਗਲਪੁਰ ਤੋਂ ਬਾਅਦ ਹੁਣ ਸਮਸਤੀਪੁਰ ਜ਼ਿਲੇ ਵਿਚ ਹੋਏ ਫਿਰਕੂ ਤਣਾਅ ਤੋਂ ਬਾਅਦ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ...

bihar communal violence

ਪਟਨਾ : ਬਿਹਾਰ ਦੇ ਔਰੰਗਾਬਾਦ,ਭਾਗਲਪੁਰ ਤੋਂ ਬਾਅਦ ਹੁਣ ਸਮਸਤੀਪੁਰ ਜ਼ਿਲੇ ਵਿਚ ਹੋਏ ਫਿਰਕੂ ਤਣਾਅ ਤੋਂ ਬਾਅਦ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕਰ ਦਿਤੀ ਗਈ ਹੈ। ਸਮਸਤੀਪੁਰ ਦੇ ਰੋਸੜਾ ਸ਼ਹਿਰ ਦੇ ਗੁਦਰੀ ਬਾਜ਼ਾਰ 'ਚ ਮੰਗਲਵਾਰ ਨੂੰ ਦੁਰਗਾ ਵਿਸਰਜਨ ਦੌਰਾਨ ਦੋ ਧਿਰਾਂ ਵਿਚਕਾਰ  ਝੜਪ ਵਿਚ ਐਸ.ਐਸ.ਪੀ. ਸੰਤੋਸ਼ ਕੁਮਾਰ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ। ਪੂਰੇ ਇਲਾਕੇ ਵਿਚ ਧਾਰਾ 144 ਲਾਗੂ ਦਿਤੀ ਗਈ ਹੈ। ਇਸ ਤੋਂ ਇਲਾਵਾ ਇੰਟਰਨੈੱਟ ਸੇਵਾ ਵੀ ਬੰਦ ਕਰ ਦਿਤੀ ਗਈ ਹੈ।

ਰੋਸੜਾ ਬਾਜ਼ਾਰ ਮੰਗਲਵਾਰ ਨੂੰ ਸਾਰਾ ਦਿਨ ਬੰਦ ਰਿਹਾ ਅਤੇ ਸਕੂਲ ਵੀ ਬੰਦ ਕਰ ਦਿਤੇ ਗਏ। ਗੁੱਸੇ 'ਚ ਭੜਕੀ ਭੀੜ ਨੇ ਕਈ ਮੋਟਰਸਾਈਕਲ ਅਤੇ ਸਾਈਕਲਾਂ ਨੂੰ ਅੱਗ ਦੇ ਹਵਾਲੇ ਕਰ ਦਿਤਾ। ਕਰੀਬ 6 ਘੰਟੇ ਤਕ ਸੜਕ ਅਤੇ ਰੇਲ ਆਵਾਜਾਈ ਵੀ ਠੱਪ ਰਹੀ। ਪੱਥਰਬਾਜ਼ੀ ਦੌਰਾਨ ਦਲਸਿੰਘਸਰਾਏ ਸੰਤੋਸ਼ ਕੁਮਾਰ, ਇੰਸਪੈਕਟਰ ਨਰੇਸ਼ ਪਾਸਵਾਨ ਅਤੇ ਰੋਸੜਾ ਦੇ ਇੰਸਪੈਕਟਰ ਬੀ.ਐਨ. ਮਹਿਤਾ ਜ਼ਖ਼ਮੀ ਹੋ ਗਏ।

ਫਿਰਕੂ ਤਣਾਅ ਦੇ ਮੱਦੇਨਜ਼ਰ ਜ਼ਿਲਾ ਮੈਜਿਸਟਰੇਟ ਪ੍ਰਣਵ ਕੁਮਾਰ ਅਤੇ ਐਸ.ਪੀ. ਦੀਪਕ ਰੰਜਨ ਵੀ ਪੁਹੰਚੇ। ਘੰਟਿਆਂ ਬੱਦੀ ਗੱਲਬਾਤ ਤੋਂ ਬਾਅਦ ਮਾਮਲਾ ਸ਼ਾਤ ਹੋਇਆ। ਮੰਗਲਵਾਰ ਸ਼ਾਮ ਤਕ ਦਰਭੰਗਾ ਸੈਕਟਰ ਦੇ ਕਮਿਸ਼ਨਰ ਐਚ.ਆਰ, ਸ਼੍ਰੀ ਨਿਵਾਸ, ਆਈ.ਜੀ. ਪੰਕਜ ਦਰਾਰ ਅਤੇ ਡੀ.ਆਈ.ਜੀ. ਵਿਨੋਦ ਕੁਮਾਰ ਪਹੁੰਚੇ। ਇਨ੍ਹਾਂ ਦੀ ਅਗਵਾਈ ਵਿਚ ਰੋਸੜਾ ਸ਼ਹਿਰ ਵਿਚ ਫਲੈਗ ਮਾਰਚ ਕਢਿਆ ਗਿਆ।

ਜ਼ਿਕਰਯੋਗ ਹੈ ਕਿ ਸੂਬੇ 'ਚ ਹੋਏ ਫਿਰਕੂ ਤਣਾਅ ਨੂੰ ਲੈ ਕੇ ਆਰ.ਜੇ.ਡੀ.-ਕਾਂਗਰਸ ਨਿਤਿਸ਼ ਸਰਕਾਰ 'ਤੇ ਸਵਾਲ ਉਠਾ ਰਹੀ ਹੈ। ਆਰ.ਜੇ.ਡੀ. ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਭਾਰਤੀ ਜਨਤਾ ਪਾਰਟੀ(ਭਾਜਪਾ) ਦੇ ਦਬਾਅ ਕਾਰਨ ਹੀ ਦੰਗਾ ਮਾਮਲੇ ਵਿਚ ਕਾਰਵਾਈ ਨਹੀਂ ਕਰ ਰਹੀ। ਬਿਹਾਰ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੇ ਫੇਸਬੁੱਕ ਪੋਸਟ ਵਿਚ ਕਿਹਾ ਕਿ ਮੇਰੀ ਬਿਹਾਰ ਦੀ ਜਨਤਾ ਦੀ ਅਮਨ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਬੇਨਤੀ ਹੈ ਕਿ ਸੂਬੇ ਵਿਚ ਸਦਭਾਵਨਾ ਦਾ ਮਾਹੌਲ ਬਣਾ ਕੇ ਰੱਖੋ।