ਨਿਊਯਾਰਕ ‘ਚ ਹਰ 17ਵੇਂ ਮਿੰਟ ਬਾਅਦ ਕਰੋਨਾ ਦੇ ਇਕ ਮਰੀਜ਼ ਦੀ ਹੋ ਰਹੀ ਹੈ ਮੌਤ
ਹੁਣ ਇਸ ਵਾਇਰਸ ਨੇ ਅਮਰੀਕਾ ਵਿਚ ਵੀ ਵੱਡੀ ਗਿਣਤੀ ‘ਚ ਲੋਕਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ
ਨਿਊਯਾਰਕ : ਕਰੋਨਾ ਵਾਇਰਸ ਨੇ ਜਿਥੇ ਇਟਲੀ ਅਤੇ ਚੀਨ ਵਰਗੇ ਦੇਸ਼ਾਂ ਵਿਚ ਹਾਹਾਕਾਰ ਮਚਾਈ ਹੋਈ ਹੈ ਉੱਥੇ ਹੀ ਹੁਣ ਇਸ ਵਾਇਰਸ ਨੇ ਅਮਰੀਕਾ ਵਿਚ ਵੀ ਵੱਡੀ ਗਿਣਤੀ ‘ਚ ਲੋਕਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੱਈਏ ਕਿ ਸਭ ਤੋਂ ਵੱਧ ਬੁਰੇ ਹਲਾਤ ਨਿਊਯਾਰਕ ਸ਼ਹਿਰ ਵਿਚ ਹਨ। ਜਿੱਥੇ ਸ਼ਨੀਵਾਰ ਨੂੰ ਸਥਿਤੀ ਬੇਕਾਬੂ ਹੋ ਗਈ ਅਤੇ ਇਥੋਂ ਦਾ ਹੈਲਥ ਸਿਸਟਮ ਬਰਬਾਦ ਹੋਣ ਦੀ ਕਗਾਰ ਤੇ ਖੜ੍ਹਾ ਹੈ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਨਿਊਯਾਰਕ ਵਿਚ ਹੈਲਥ ਐਮਰਜੈਂਸੀ ਦੇ ਲਈ ਆਉਣ ਵਾਲੇ ਫੋਨਾਂ ਵਿਚ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਦੱਸ ਦੱਈਏ ਕਿ ਹਰ ਰੋਜ਼ 6500 ਦੇ ਕਰੀਬ ਫੋਨ ਹੈਲਥ ਐਮਰਜੈਂਸੀ ਦੇ ਲਈ ਆ ਰਹੇ ਹਨ। ਇਕ ਵਾਰ ਵਿਚ 170 ਲੋਕਾਂ ਨੂੰ ਹੋਲਡ ਤੇ ਰੱਖਣਾ ਪੈਂਦਾ ਹੈ ਜਿਹੜੇ ਹੈਲਥ ਐਮਰਜੈਂਸੀ ਨੂੰ ਲੈ ਕੇ ਫੋਨ ਕਰਦੇ ਹਨ ਕਿਉਂਕਿ ਇੰਨੇ ਫੋਨ ਆ ਰਹੇ ਹਨ ਕਿ ਉਨ੍ਹਾਂ ਨੂੰ ਸੁਣਨ ਲਈ ਹੁਣ ਸਟਾਫ ਵੀ ਘੱਟ ਪੈ ਚੁੱਕਾ ਹੈ।
ਇਸ ਲਈ ਨਿਊਯਾਰਕ ਦੇ ਹੈਲਥ ਡੀਪਾਰਟਮੈਂਟ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਦੋਂ ਤੱਕ ਬਹੁਤ ਜਿਆਦਾ ਐਮਰਜੈਂਸੀ ਨਾ ਹੋਵੇ ਉਦੋਂ ਤੱਕ 911 ਤੇ ਲੋਕ ਫੋਨ ਨਾ ਕਰਨ ਕਿਉਂਕਿ ਪਹਿਲਾਂ ਜਿਹੜੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਇਸ ਦੀ ਲੋੜ ਹੀ ਉਨ੍ਹਾਂ ਲਈ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਜ਼ਿਕਰਯੋਗ ਹੈ ਕਿ ਬੁੱਧਵਾਰ ਅਤੇ ਵੀਰਵਾਰ ਨੂੰ ਨਿਊਯਾਰਕ ਵਿਚ ਕਰੋਨਾ ਦੇ ਕਾਰਨ 85 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਨਿਊਯਾਰਕ ਵਿਚ ਹਰ 17 ਮਿੰਟ ਦੇ ਵਿਚ ਕਰੋਨਾ ਵਾਇਰਸ ਇਕ ਵਿਅਕਤੀ ਦੀ ਜਾਨ ਲੈ ਲੈਂਦਾ ਹੈ।
ਹੁਣ ਤੱਕ ਇੱਥੇ 450 ਲੋਕਾਂ ਦੀ ਕਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਅਤੇ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦਾ ਅੰਕੜਾ 26,697 ਨੂੰ ਪਾਰ ਕਰ ਗਿਆ ਹੈ।ਉਥੇ ਹੀ ਨਿਊਯਾਰਕ ਵਿਚ ਹਸਪਤਾਲਾ ਦਾ ਹਾਲ ਵੀ ਬੁਰਾ ਹੋ ਰਿਹਾ ਹੈ ਹਸਪਤਾਲ ਵਿਚ ਬੈਡਾਂ ਦੇ ਨਾਲ-ਨਾਲ ਡਾਕਟਰਾਂ ਕੋਲ ਉਪਕਰਣ ਘੱਟ ਪੈ ਰਹੇ ਹਨ ਅਤੇ ਮਰੀਜ਼ ਹਸਪਤਾਲਾਂ ਦੇ ਬਾਹਰ ਲੰਬੀਆਂ ਲਾਈਨਾਂ ਲਗਾ ਕੇ ਖੜ੍ਹਨ ਲਈ ਮਜ਼ਬੂਰ ਹੋਏ ਪਏ ਹਨ ਕਈ ਮਰੀਜ਼ ਤਾਂ ਅਜਿਹੇ ਵੀ ਹਨ ਜਿਨ੍ਹਾਂ ਨੂੰ ਆਕਸੀਜ਼ਨ ਪਾਈਪ ਲਗਾ ਕੇ ਵੀ ਲਾਇਨਾਂ ਵਿਚ ਖੜ੍ਹਨਾ ਪੈ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।