ਸੋਸ਼ਲ ਮੀਡੀਆ ‘ਤੇ ਕੀਤਾ ਕੋਰੋਨਾ ਦੀ ਦਵਾਈ ਦਾ ਦਾਅਵਾ ਪਹੁੰਚਿਆ ਜੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਪੁਲਿਸ ਨੇ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

Photo

ਲਖਨਊ: ਯੂਪੀ ਪੁਲਿਸ ਨੇ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਵਿਅਕਤੀ ਦਾ ਦਾਅਵਾ ਹੈ ਕਿ ਕੋਰੋਨਾ ਦੀ 27 ਸਾਲ ਪਹਿਲਾਂ ur ਇਕ ਦਵਾਈ ਬਣ ਗਈ ਸੀ ਅਤੇ ਉਹ 6 ਸਾਲਾਂ ਤੋਂ ਇਹ ਦਵਾਈ ਲੈ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਕ ਵਾਇਰਲ ਵੀਡੀਓ ਵਿਚ ਇਸ ਵਿਅਕਤੀ ਨੇ ਪ੍ਰਧਾਨ ਮੰਤਰੀ ਨੂੰ ਇਹ ਫਾਰਮੂਲਾ ਦੇਣ ਦੀ ਗੱਲ ਕੀਤੀ ਸੀ।

ਮੇਰਠ ਦੇ ਥਾਣਾ ਜਾਨੀ ਦੀ ਪੁਲਿਸ ਨੇ ਕੋਰੋਨਾ ਵਾਇਰਸ ਸੰਬੰਧੀ ਗੁੰਮਰਾਹ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪਵਨ ਕੁਮਾਰ ਯਾਦਵ ਉਰਫ ਪਵਨ ਦਾਸ ਪੁੱਤਰ ਓਮਪ੍ਰਕਾਸ਼ ਨੂੰ ਮੇਰਠ ਥਾਣਾ ਜਾਨੀ ਪੁਲਿਸ ਨੇ ਕੋਰੋਨਾ ਵਾਇਰਸ ਦੇ ਇਲਾਜ ਦੇ ਫਾਰਮੂਲੇ ਦੀ ਵੀਡੀਓ ਵਟਸਐਪ ਅਤੇ ਫੇਸਬੁੱਕ 'ਤੇ ਫੈਲਾਉਣ ਲਈ ਗ੍ਰਿਫ਼ਤਾਰ ਕੀਤਾ ਹੈ।

ਵੀਡੀਓ ਵਿਚ ਇਸ ਵਿਅਕਤੀ ਨੇ ਆਪਣਾ ਨਾਮ ਪਵਨ ਦਾਸ ਦੱਸਿਆ ਹੈ ਅਤੇ ਉਹ ਬਾਗਪਤ ਰੋਡ, ਮੇਰਠ ਦਾ ਰਹਿਣ ਵਾਲਾ ਹੈ। ਉਸ ਦਾ ਦਾਅਵਾ ਹੈ ਕਿ ਜਿਹੜੀ ਦਵਾਈ ਉਸ ਨੇ ਬਣਾਈ ਹੈ ਉਹ 100 ਪ੍ਰਤੀਸ਼ਤ ਕੋਰੋਨਾ ਨੂੰ ਖਤਮ ਕਰ ਸਕਦੀ ਹੈ। ਉਹ ਇਹ ਸੰਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੰਦਾ ਹੈ ਅਤੇ ਉਸ ਨੇ ਦਾਅਵਾ ਕੀਤਾ ਕਿ ਕੋਰੋਨਾ ਕੀ ਜੇਕਰ ਕੋਈ ਵੀ ਵਾਇਰਸ ਆ ਜਾਵੇ। ਇਹ ਦਵਾਈ ਉਸ ਨੂੰ ਖਤਮ ਕਰ ਦੇਵੇਗੀ।

ਇਸ ਦੇ ਨਾਲ ਹੀ ਉਸ ਨੇ ਦਾਅਵਾ ਕੀਤਾ ਕਿ ਕੋਰੋਨਾ ਕੋਈ ਬਹੁਤ ਵੱਡੀ ਚੀਜ ਨਹੀਂ ਹੈ ਅਤੇ ਮਹਾਂਮਾਰੀ ਨਹੀਂ ਹੈ। ਉਸ ਨੇ ਕਿਹਾ ਕਿ ਜਦੋਂ ਵੀ ਦੁਨੀਆ 'ਤੇ ਕੋਈ ਸੰਕਟ ਆ ਜਾਂਦਾ ਹੈ ਤਾਂ ਭਾਰਤ ਇਸ ਦਾ ਹੱਲ ਕੱਢਦਾ ਹੈ ਅਤੇ ਭਾਰਤ ਵਿਚ ਕੋਰੋਨਾ ਦੀ ਇਹ ਦਵਾਈ 27 ਸਾਲ ਪਹਿਲਾਂ ਬਣਾਈ ਗਈ ਹੈ। ਪਵਨ ਦਾਸ ਦਾ ਕਹਿਣਾ ਹੈ ਕਿ ਮੇਰਠ ਦੇ ਬਾਗਪਤ ਰੋਡ 'ਤੇ ਉਨ੍ਹਾਂ ਦੀ ਇਕ ਦੁਕਾਨ ਹੈ ਅਤੇ ਪ੍ਰਧਾਨ ਮੰਤਰੀ ਉਥੇ ਆ ਕੇ ਉਨ੍ਹਾਂ ਨੂੰ ਮਿਲ ਸਕਦੇ ਹਨ। ਉਸ ਨੇ ਕਿਹਾ ਕਿ ਉਹ ਖ਼ੁਦ ਜਾਂਚ ਲਈ ਤਿਆਰ ਹੈ। ਉਹ 6 ਸਾਲਾਂ ਤੋਂ ਇਹ ਦਵਾਈ ਲੈ ਰਿਹਾ ਹੈ।

ਪਵਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਟੈਸਟ ਪੂਰਾ ਹੋਣ ਤੋਂ ਬਾਅਦ ਇਕੱਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਦਵਾਈ ਦਾ ਫਾਰਮੂਲਾ ਦੱਸੇਗਾ। ਮੇਰਠ ਦੇ ਐਸਪੀ ਅਵਿਨਾਸ਼ ਪਾਂਡੇ ਨੇ ਦੱਸਿਆ ਕਿ ਜਦੋਂ ਪੁਲਿਸ ਦੀ ਟੀਮ ਉਸ ਦੇ ਦੱਸੇ ਗਏ ਪਤੇ ‘ਤੇ ਪਹੁੰਚੀ ਤਾਂ ਉਹ ਉਥੋਂ ਗਾਇਬ ਸੀ। ਜਿਸ ਦੁਕਾਨ ਬਾਰੇ ਦੱਸਿਆ ਗਿਆ ਸੀ ਉਹ ਉਸ ਸਮੇਂ ਬੰਦ ਸੀ ਪਰ ਪੁਲਿਸ ਇਸ ਦੀ ਜਾਂਚ ਕਰ ਰਹੀ ਸੀ। ਸ਼ੁੱਕਰਵਾਰ ਨੂੰ ਪੁਲਿਸ ਨੇ ਪਵਨ ਦਾਸ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ।