CAPF ਦੇ ਜਵਾਨਾਂ ਨੂੰ ਮਿਲ ਸਕੇਗੀ 100 ਦਿਨ ਦੀ ਛੁੱਟੀ, ਪ੍ਰਸਤਾਵ ਜਲਦ ਲਾਗੂ ਕੀਤੇ ਜਾਣ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਮਹੱਤਵਪੂਰਨ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਨੂੰ ਛੇਤੀ ਹੀ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ।

Centre to soon announce 100 days annual leave plan for CAPF jawans

 

ਨਵੀਂ ਦਿੱਲੀ  : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਏਪੀਐਫ਼ ਜਵਾਨਾਂ ਨੂੰ ਅਪਣੇ ਪ੍ਰਵਾਰਾਂ ਨਾਲ ਘਟੋ-ਘੱਟ 100 ਦਿਨ ਬਿਤਾਉਣ ਦੀ ਇਜਾਜ਼ਤ ਦੇਣ ਲਈ ਇਕ ਮਹੱਤਵਪੂਰਨ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਨੂੰ ਛੇਤੀ ਹੀ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ। ਗ੍ਰਹਿ ਮੰਤਰਾਲਾ ਨੀਤੀ ਨੂੰ ਲਾਗੂ ਕਰਨ ਵਿਚ ਦੇਰੀ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਇਸ ਮਹੀਨੇ ਦੇ ਸ਼ੁਰੂ ਵਿਚ ਕਈ ਮੀਟਿੰਗਾਂ ਕੀਤੀਆਂ ਹਨ। ਨੀਤੀ ਦਾ ਉਦੇਸ਼ ਕੰਮ-ਸਬੰਧਤ ਤਣਾਅ ਨੂੰ ਘਟਾਉਣਾ ਅਤੇ ਲਗਭਗ 10 ਲੱਖ ਸਿਪਾਹੀਆਂ ਅਤੇ ਅਫ਼ਸਰਾਂ ਦੀ ਖ਼ੁਸ਼ੀ ਨੂੰ ਵਧਾਉਣਾ ਹੈ, ਜੋ ਕੁਝ ਸੱਭ ਤੋਂ ਚੁਣੌਤੀਪੂਰਨ ਵਾਤਾਵਰਣ ਦੀਆਂ ਸਥਿਤੀਆਂ ਅਤੇ ਦੂਰ-ਦੁਰਾਡੇ ਸਥਾਨਾਂ ਵਿਚ ਮੁਸ਼ਕਲ ਡਿਊਟੀ ਨਿਭਾਉਂਦੇ ਹਨ।

ਸੀਏਪੀਐਫ਼ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ,‘‘ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਨੂੰ ਅਪਣੇ ਪ੍ਰਸਤਾਵਾਂ ਵਿਚ ਤੇਜ਼ੀ ਲਿਆਉਣ ਲਈ ਨਿਰਦੇਸ਼ ਦਿਤੇ ਗਏ ਹਨ। ਕਲਿਆਣਕਾਰੀ ਉਪਾਅ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ, ਇਸ ਬਾਰੇ ਗ੍ਰਹਿ ਮੰਤਰਾਲੇ ਨੂੰ ਅਗਲੇ ਮਹੀਨੇ ਤਕ ਅੰਤਮ ਫ਼ੈਸਲਾ ਲੈਣ ਦੀ ਉਮੀਦ ਹੈ।’’ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫੋਰਸ ਅਪਣੇ ਸੈਨਿਕਾਂ ਨੂੰ ਸਾਲ ਵਿਚ 60-65 ਦਿਨ ਦੀ ਛੁੱਟੀ ਦੇਣ ਦੇ ਸਮਰਥ ਹੈ, ਪਰ ਜੇਕਰ ਆਮ ਛੁੱਟੀ 15 ਦਿਨਾਂ ਤੋਂ ਵਧਾ ਕੇ 28-30 ਦਿਨ ਕਰਨ ਦਾ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ ਤਾਂ 100 ਦਿਨਾਂ ਲਈ ਜਵਾਨਾਂ ਨੂੰ ਛੁੱਟੀ ਦਿਤੀ ਜਾ ਸਕਦੀ ਹੈ।