ਜਾਮੀਆ ਹਿੰਸਾ ਮਾਮਲਾ: ਦਿੱਲੀ ਹਾਈਕੋਰਟ ਤੋਂ ਸ਼ਰਜੀਲ ਇਮਾਮ ਸਮੇਤ 9 ਦੋਸ਼ੀਆਂ ਨੂੰ ਝਟਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਮਾਮਲੇ 'ਚ ਸਾਕੇਤ ਅਦਾਲਤ ਨੇ ਸਾਰੇ 11 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ ਪਰ ਦਿੱਲੀ ਪੁਲਿਸ ਨੇ ਇਸ ਹੁਕਮ ਨੂੰ ਚੁਣੌਤੀ ਦਿੱਤੀ।

Jamia violence case: Shock to 9 accused including Sharjeel Imam from Delhi High Court

ਨਵੀਂ ਦਿੱਲੀ - ਦਿੱਲੀ 'ਚ 2019 ਦੇ ਜਾਮੀਆ ਹਿੰਸਾ ਮਾਮਲੇ 'ਚ ਸ਼ਰਜੀਲ ਇਮਾਮ ਸਮੇਤ 9 ਦੋਸ਼ੀਆਂ ਨੂੰ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹੇਠਲੀ ਅਦਾਲਤ ਨੇ ਕੁੱਲ 11 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ ਪਰ ਹੁਣ ਹਾਈ ਕੋਰਟ ਨੇ 9 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ ਹਨ। ਦਿੱਲੀ ਪੁਲਿਸ ਨੇ ਮੁਲਜ਼ਮਾਂ ਨੂੰ ਬਰੀ ਕਰਨ ਦੇ ਹੁਕਮ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ।

ਜਾਣਕਾਰੀ ਮੁਤਾਬਕ ਹੁਣ ਦਿੱਲੀ ਹਾਈ ਕੋਰਟ ਨੇ ਸ਼ਰਜੀਲ ਇਮਾਮ, ਸਫੂਰਾ ਜ਼ਰਗਰ, ਆਸ਼ਿਫ ਇਕਬਾਲ ਤਨਹਾ ਸਮੇਤ 9 ਦੋਸ਼ੀਆਂ ਨੂੰ ਝਟਕਾ ਦਿੱਤਾ ਹੈ। ਹਾਲਾਂਕਿ 2 ਦੋਸ਼ੀਆਂ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਦਰਅਸਲ, 2019 ਵਿੱਚ ਦਿੱਲੀ ਦੇ ਜਾਮੀਆ ਵਿਚ ਹਿੰਸਾ ਹੋਈ ਸੀ। ਇਸ ਦੋਸ਼ 'ਚ ਸ਼ਰਜੀਲ ਇਮਾਮ ਸਮੇਤ 11 ਦੋਸ਼ੀਆਂ ਖਿਲਾਫ] ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਸਾਕੇਤ ਅਦਾਲਤ ਨੇ ਸਾਰੇ 11 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ ਪਰ ਦਿੱਲੀ ਪੁਲਿਸ ਨੇ ਇਸ ਹੁਕਮ ਨੂੰ ਚੁਣੌਤੀ ਦਿੱਤੀ।

ਹੁਣ ਇਸ ਪਟੀਸ਼ਨ 'ਤੇ ਦਿੱਲੀ ਹਾਈਕੋਰਟ ਨੇ 9 ਦੋਸ਼ੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ 'ਚ ਦੋਸ਼ ਤੈਅ ਕਰਨ ਦੇ ਹੁਕਮ ਦਿੱਤੇ ਹਨ। ਜਾਣਕਾਰੀ ਮੁਤਾਬਕ ਜਸਟਿਸ ਸਵਰਨਕਾਂਤਾ ਦੀ ਅਦਾਲਤ ਨੇ ਇਹ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਸਪੱਸ਼ਟ ਹੈ ਕਿ ਭੀੜ ਵਿਚ ਸ਼ਰਜੀਲ ਸਮੇਤ ਹੋਰ ਲੋਕ ਮੌਜੂਦ ਸਨ। ਉਹ ਨਾ ਸਿਰਫ਼ ਦਿੱਲੀ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ, ਸਗੋਂ ਹਿੰਸਕ ਢੰਗ ਨਾਲ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ। ਅਦਾਲਤ ਨੇ ਕਿਹਾ ਕਿ ਪ੍ਰਗਟਾਵੇ/ਪ੍ਰਦਰਸ਼ਨ ਦੀ ਆਜ਼ਾਦੀ ਦੇ ਅਧਿਕਾਰ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਸ਼ਾਂਤੀ ਭੰਗ ਕਰਨ ਜਾਂ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਦਿੱਲੀ ਹਾਈ ਕੋਰਟ ਨੇ ਸ਼ਰਜੀਲ ਇਮਾਮ, ਆਸਿਫ਼ ਇਕਬਾਲ ਤਨਹਾ ਅਤੇ ਸਫੂਰਾ ਜ਼ਰਗਰ ਸਮੇਤ 9 ਲੋਕਾਂ ਦੇ ਖਿਲਾਫ਼ ਆਈਪੀਸੀ ਦੀ ਧਾਰਾ 143, 147, 149, 186, 353, 427 ਤਹਿਤ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਹੈ, ਜਦਕਿ ਦੋ ਵਿਅਕਤੀਆਂ ਮੁਹੰਮਦ ਅਬੂਜਰ ਅਤੇ ਮੁਹੰਮਦ ਸ਼ੋਏਬ ਨੂੰ ਅਦਾਲਤ ਨੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।