ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੇਲੂਰ ਮੱਠ ਦਾ ਕੀਤਾ ਦੌਰਾ, ਸੁਰੱਖਿਆ ਪ੍ਰਬੰਧ ਰਹੇ ਸਖ਼ਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹ ਸਵੇਰੇ ਕਰੀਬ 9 ਵਜ ਕੇ 20 ਮਿੰਟ 'ਤੇ ਮੱਠ 'ਚੋਂ ਰਵਾਨਾ ਹੋਏ। ਮਿਸ਼ਨ ਅਧਿਕਾਰੀਆਂ ਨੇ ਮੁਰਮੂ ਨੂੰ ਸਾੜੀ ਅਤੇ ਫਲਾਂ ਅਤੇ ਮਠਿਆਈਆਂ ਦੀ ਟੋਕਰੀ ਭੇਂਟ ਕੀਤੀ।

President Draupadi Murmu visited Belur Math, security arrangements were tight

ਕੋਲਕਾਤਾ - ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 19ਵੀਂ ਸਦੀ 'ਚ ਸਵਾਮੀ ਵਿਵੇਕਾਨੰਦ ਦੁਆਰਾ ਸਥਾਪਿਤ ਰਾਮਕ੍ਰਿਸ਼ਨ ਮਿਸ਼ਨ ਦੇ ਗਲੋਬਲ ਹੈੱਡਕੁਆਟਰ ਬੇਲੂਰ ਮੱਠ ਦਾ ਅੱਜ ਦੌਰਾ ਕੀਤਾ। ਰਾਸ਼ਟਰਪਤੀ ਮੁਰਮੂ ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਦੇ ਨਾਲ ਸਵੇਰੇ 8.45 ਵਜੇ ਮੱਠ ਪਹੁੰਚੀ। ਮਿਸ਼ਨ ਦੇ ਜਨਰਲ ਸਕੱਤਰ ਸਵਾਮੀ ਸੁਵੀਰਾਨੰਦ ਜੀ ਮਹਾਰਾਜ ਅਤੇ ਸੂਬੇ ਦੇ ਮੰਤਰੀ ਬੀਰਬਾਹਾ ਹਾਂਸਦਾ ਨੇ ਮੁਰਮੂ ਦਾ ਸਵਾਗਤ ਕੀਤਾ।

ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਮੁਰਮੂ ਨੇ ਰਾਮਕ੍ਰਿਸ਼ਨ ਮੰਦਰ ਅਤੇ ਮਾਂ ਸ਼ਾਰਦਾ ਦੇਵੀ ਮੰਦਰ, ਸਵਾਮੀ ਵਿਵੇਕਾਨੰਦ ਦੇ ਕਮਰੇ ਅਤੇ ਉਨ੍ਹਾਂ ਦੀ ਯਾਦਗਾਰ ਦਾ ਦੌਰਾ ਕੀਤਾ। ਰਾਸ਼ਟਰਪਤੀ ਨੇ ਬੈਟਰੀ ਨਾਲ ਚੱਲਣ ਵਾਲੇ ਵਾਹਨ ਰਾਹੀਂ ਮੱਠ ਕੰਪਲੈਕਸ ਦਾ ਦੌਰਾ ਕੀਤਾ। ਉਹ ਸਵੇਰੇ ਕਰੀਬ 9 ਵਜ ਕੇ 20 ਮਿੰਟ 'ਤੇ ਮੱਠ 'ਚੋਂ ਰਵਾਨਾ ਹੋਏ। ਮਿਸ਼ਨ ਅਧਿਕਾਰੀਆਂ ਨੇ ਮੁਰਮੂ ਨੂੰ ਸਾੜੀ ਅਤੇ ਫਲਾਂ ਅਤੇ ਮਠਿਆਈਆਂ ਦੀ ਟੋਕਰੀ ਭੇਂਟ ਕੀਤੀ।

ਰਾਸ਼ਟਰਪਤੀ ਦੀ ਸੁਰੱਖਿਆ ਦੇ ਮੱਦੇਨਜ਼ਰ ਮੰਗਲਵਾਰ ਸਵੇਰੇ 10 ਵਜੇ ਤੱਕ ਮੱਠ ਬਾਕੀ ਸਾਰੇ ਸੈਲਾਨੀਆਂ ਲਈ ਬੰਦ ਰਿਹਾ। ਬੇਲੂਰ ਮੱਠ ਦਾ ਦੌਰਾ ਰਾਸ਼ਟਰਪਤੀ ਦੇ ਪੱਛਮੀ ਬੰਗਾਲ ਦੇ ਦੋ ਦਿਨਾਂ ਦੌਰੇ ਦਾ ਹਿੱਸਾ ਸੀ। ਰਾਸ਼ਟਰਪਤੀ ਬਣਨ ਤੋਂ ਬਾਅਦ ਮੁਰਮੂ ਦੇ ਸੂਬੇ ਦੇ ਪਹਿਲੇ ਦੌਰੇ ਦੇ ਮੱਦੇਨਜ਼ਰ ਸ਼ਹਿਰ ਵਿਚ ਸੁਰੱਖਿਆ ਵਧਾ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਦ੍ਰੋਪਦੀ ਮੁਰਮੂ ਸੋਮਵਾਰ ਨੂੰ ਕੋਲਕਾਤਾ ਪਹੁੰਚੇ ਸਨ ਅਤੇ ਉਨ੍ਹਾਂ ਨੇਤਾ ਜੀ ਭਵਨ ਦਾ ਦੌਰਾ ਕੀਤਾ ਸੀ ਜਿੱਥੇ ਭਾਰਤ ਦੀ ਸੁਤੰਤਰਤਾ ਅੰਦੋਲਨ ਦੇ ਨਾਇਕ ਸੁਭਾਸ਼ ਚੰਦਰ ਬੋਸ ਰਹਿੰਦੇ ਸਨ। ਉਹ ਉੱਤਰੀ ਕੋਲਕਾਤਾ ਵਿਚ ਟੈਗੋਰ ਦੇ ਜੱਦੀ ਘਰ ਜੋਰਾਸਾਂਕੋ ਠਾਕੁਰਬਾੜੀ ਵੀ ਗਏ ਸਨ। ਮੁਰਮੂ ਨੂੰ ਸ਼ਾਮ ਨੂੰ ਪੱਛਮੀ ਬੰਗਾਲ ਸਰਕਾਰ ਵਲੋਂ ਨੇਤਾ ਜੀ ਇਨਡੋਰ ਸਟੇਡੀਅਮ 'ਚ ਆਯੋਜਿਤ ਇਕ ਸਮਾਰੋਹ 'ਚ ਸਨਮਾਨਿਤ ਕੀਤਾ ਗਿਆ, ਜਿੱਥੇ ਰਾਜਪਾਲ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਮੌਜੂਦ ਸਨ।