Arvind Kejriwal News: 1 ਅਪ੍ਰੈਲ ਤਕ ਵਧਿਆ ਅਰਵਿੰਦ ਕੇਜਰੀਵਾਲ ਦਾ ਰਿਮਾਂਡ; ਅਦਾਲਤ ਵਿਚ ਬੋਲੇ, 'ED ਦਾ ਮਕਸਦ AAP ਨੂੰ ਖਤਮ ਕਰਨਾ'

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਸਾਰਥ ਰੈੱਡੀ ਨੇ ਭਾਜਪਾ ਨੂੰ 55 ਕਰੋੜ ਰੁਪਏ ਦਿਤੇ। ਮੇਰੇ ਕੋਲ ਸਾਰੇ ਸਬੂਤ ਹਨ ਕਿ ਇਹ ਰੈਕੇਟ ਚੱਲ ਰਿਹਾ ਹੈ।

Arvind Kejriwal

Arvind Kejriwal News: ਰਾਊਜ਼ ਐਵੇਨਿਊ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਦੀ ਹਿਰਾਸਤ 4 ਦਿਨ ਹੋਰ ਵਧਾ ਦਿਤੀ ਹੈ। ਇਸ ਤੋਂ ਪਹਿਲਾਂ ਅਦਾਲਤ ਵਿਚ 39 ਮਿੰਟ ਤਕ ਸੁਣਵਾਈ ਚੱਲੀ। ਕੇਜਰੀਵਾਲ ਨੇ ਖੁਦ ਅਪਣਾ ਪੱਖ ਰੱਖਿਆ। ਅਜਿਹਾ ਕਰਨ ਵਾਲੇ ਉਹ ਦੇਸ਼ ਦੇ ਪਹਿਲੇ ਮੌਜੂਦਾ ਮੁੱਖ ਮੰਤਰੀ ਬਣ ਗਏ ਹਨ। ਈਡੀ ਨੇ ਅਦਾਲਤ ਤੋਂ ਕੇਜਰੀਵਾਲ ਦੀ 7 ਦਿਨਾਂ ਦੀ ਹੋਰ ਹਿਰਾਸਤ ਦੀ ਮੰਗ ਕੀਤੀ ਸੀ। ਰਾਊਜ਼ ਐਵੇਨਿਊ ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਵਿਚ ਸੁਣਵਾਈ ਦੁਪਹਿਰ 1.59 ਵਜੇ ਸ਼ੁਰੂ ਹੋਈ ਅਤੇ ਦੁਪਹਿਰ 2.39 ਵਜੇ ਸਮਾਪਤ ਹੋਈ।

ਕੇਜਰੀਵਾਲ ਨੇ ਅਦਾਲਤ ਵਿਚ ਕਿਹਾ, “ਇਹ ਕੇਸ 2 ਸਾਲ ਪਹਿਲਾਂ ਤੋਂ ਚੱਲ ਰਿਹਾ ਹੈ। ਅਗਸਤ 2022 ਨੂੰ CBI ਦਾ ਕੇਸ ਫਾਈਲ ਹੋਇਆ ਸੀ। ਫਿਰ ECIR ਫਾਈਲ ਹੋਈ। ਮੈਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਨਾ ਮੈਨੂੰ ਕਿਸੇ ਕੋਰਟ ਨੇ ਦੋਸ਼ੀ ਐਲਾਨਿਆ ਅਤੇ ਨਾ ਹੀ ਦੋਸ਼ ਤੈਅ ਹੋਏ। ED ਲਗਭਗ 25 ਹਜ਼ਾਰ ਪੰਨੇ ਫਾਈਲ ਕਰ ਚੁੱਕੀ ਹੈ ਅਤੇ ਕਈ ਗਵਾਹ ਵੀ ਲਿਆ ਚੁੱਕੀ ਹੈ”।

ਇਸ ਦੌਰਾਨ ਅਦਾਲਤ ਨੇ ਕਿਹਾ ਕਿ ਇਹ ਸੱਭ ਤੁਸੀਂ ਲਿਖ ਕੇ ਦੇ ਸਕਦੇ ਹੋ ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਬੋਲਣ ਦਿਤਾ ਜਾਵੇ। ਉਨ੍ਹਾਂ ਅੱਗੇ ਕਿਹਾ, “ਮੇਰੇ ਘਰ ਕਈ ਮੰਤਰੀ ਆਉਂਦੇ ਹਨ, ਉਹ ਆਪਸ ਵਿਚ ਖੁਸਰ-ਫੁਸਰ ਕਰਦੇ ਹਨ। ਦਸਤਾਵੇਜ਼ ਦਿੰਦੇ ਹਨ, ਕੀ ਇਹ ਬਿਆਨ ਇਕ ਮੌਜੂਦਾ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਲਈ ਕਾਫੀ ਹੈ?” ਉਨ੍ਹਾਂ ਕਿਹਾ, “ਬਿਆਨ ਉਤੇ ਬਿਆਨ ਦਰਜ ਹੋ ਰਹੇ ਹਨ, ਜਦੋਂ ਤਕ ਉਹ ਮੇਰੇ ਵਿਰੁਧ ਨਹੀਂ ਦੇ ਰਹੇ। ਇਸ ਦਾ ਮਤਲਬ ਈਡੀ ਦੀ ਮਨਸ਼ਾ ਮੈਨੂੰ ਫਸਾਉਣਾ ਸੀ”

ਕੇਜਰੀਵਾਲ ਨੇ ਹੁਣ ਰਾਘਵ ਮਗੁੰਟਾ ਦੇ ਬਿਆਨ ਦਾ ਹਵਾਲਾ ਦਿਤਾ ਅਤੇ ਕਿਹਾ ਕਿ ਜੋ ਮੇਰੇ ਖਿਲਾਫ ਨਹੀਂ ਹੁੰਦੇ, ਉਨ੍ਹਾਂ ਰਿਕਾਰਡ ਵਿਚ ਨਹੀਂ ਲਿਆ ਜਾਂਦਾ।
ਕੇਜਰੀਵਾਲ ਨੇ ਕਿਹਾ, “ਮੈਂ ਸਿਰਫ਼ ਇਹ ਜਾਣਨਾ ਚਾਹੁੰਦਾ ਹਾਂ ਕੀ 4 ਬਿਆਨ ਇਕ ਮੌਜੂਦਾ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਲਈ ਕਾਫੀ ਹਨ? ਇਕ ਲੱਖ ਪੰਨੇ ਜੋ ਈਡੀ ਦੇ ਦਫ਼ਤਰ ਵਿਚ ਸਾਡੇ ਹੱਕ ਵਿਚ ਹਨ, ਉਨ੍ਹਾਂ ਨੂੰ ਰਿਕਾਰਡ ਵਿਚ ਨਹੀਂ ਲਿਆ ਜਾਂਦਾ”। ਸੀਐਮ ਕੇਜਰੀਵਾਲ ਨੇ ਅੱਗੇ ਕਿਹਾ ਕਿ ਹੁਣ ਮੈਂ ਦੱਸਣਾ ਚਾਹੁੰਦਾ ਹਾਂ ਕਿ ਸ਼ਰਾਬ ਘੁਟਾਲੇ ਦਾ ਪੈਸਾ ਕਿਥੇ ਹੈ?

ਕੇਜਰੀਵਾਲ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ, “ਇਹ ਜਿਹੜੇ 100 ਕਰੋੜ ਰੁਪਏ ਬੋਲ ਰਹੇ ਨੇ, ਉਹ ਅਸਲ ਵਿਚ ਕਿਤੇ ਨਹੀਂ ਹੈ। ਇਹ ਘੁਟਾਲਾ ਈਡੀ ਦੀ ਜਾਂਚ ਤੋਂ ਬਾਅਦ ਸ਼ੁਰੂ ਹੁੰਦਾ ਹੈ”।

ਈਡੀ ਨੇ ਅਦਾਲਤ ਵਿਚ ਕੀ ਕਿਹਾ?

ਇਸ ਤੋਂ ਪਹਿਲਾਂ ਅਦਾਲਤ ਵਿਚ ਅਟਾਰਨੀ ਸਾਲਿਸਿਟਰ ਜਨਰਲ ਐਸਵੀ ਰਾਜੂ ਨੇ ਕਿਹਾ ਕਿ ਕੇਜਰੀਵਾਲ ਦੇ ਬਿਆਨ ਦਰਜ ਕਰ ਲਏ ਗਏ ਹਨ। ਉਨ੍ਹਾਂ ਨੇ ਟਾਲ-ਮਟੋਲ ਵਾਲੇ ਜਵਾਬ ਦਿਤੇ ਹਨ। ਉਨ੍ਹਾਂ ਨੇ ਟਾਲ-ਮਟੋਲ ਵਾਲੇ ਜਵਾਬ ਦਿਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕੇਜਰੀਵਾਲ ਦਾ ਸਾਹਮਣਾ ਕੁੱਝ ਹੋਰ ਲੋਕਾਂ ਨਾਲ ਕਰਨਾ ਚਾਹੁੰਦੇ ਹਾਂ। ਗੋਆ ਤੋਂ 'ਆਪ' ਉਮੀਦਵਾਰ ਦੇ ਚਾਰ ਹੋਰ ਬਿਆਨ ਦਰਜ ਕੀਤੇ ਗਏ ਹਨ। ਅਸੀਂ ਕੇਜਰੀਵਾਲ ਅਤੇ 'ਆਪ' ਉਮੀਦਵਾਰ ਦਾ ਸਾਹਮਣਾ ਕਰਨਾ ਚਾਹੁੰਦੇ ਹਾਂ।

ਈਡੀ ਨੇ ਕਿਹਾ ਕਿ ਕੇਜਰੀਵਾਲ ਨੇ ਅਪਣਾ ਪਾਸਵਰਡ ਨਹੀਂ ਦਸਿਆ ਹੈ, ਜਿਸ ਕਾਰਨ ਅਸੀਂ ਡਿਜੀਟਲ ਡਾਟਾ ਐਕਸੈਸ ਨਹੀਂ ਕਰ ਸਕੇ ਹਾਂ। ਕੇਜਰੀਵਾਲ ਕਹਿ ਰਹੇ ਹਨ ਕਿ ਉਹ ਪਹਿਲਾਂ ਅਪਣੇ ਵਕੀਲਾਂ ਨਾਲ ਗੱਲ ਕਰਨਗੇ, ਫਿਰ ਫੈਸਲਾ ਕਰਨਗੇ ਕਿ ਪਾਸਵਰਡ ਦੇਣਾ ਹੈ ਜਾਂ ਨਹੀਂ। ਜੇ ਉਹ ਪਾਸਵਰਡ ਨਹੀਂ ਦਿੰਦੇ, ਤਾਂ ਸਾਨੂੰ ਪਾਸਵਰਡ ਤੋੜਨਾ ਪਵੇਗਾ।

ਈਡੀ ਨੇ ਕਿਹਾ ਕਿ ਕੇਜਰੀਵਾਲ ਜਾਣਬੁੱਝ ਕੇ ਜਾਂਚ ਵਿਚ ਸਹਿਯੋਗ ਨਹੀਂ ਕਰ ਰਹੇ ਹਨ। ਅਸੀਂ ਇਸ ਮਾਮਲੇ ਵਿਚ ਪੰਜਾਬ ਦੇ ਕੁੱਝ ਆਬਕਾਰੀ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਹੈ। ਉਨ੍ਹਾਂ ਦਾ ਸਾਹਮਣਾ ਕੇਜਰੀਵਾਲ ਨਾਲ ਵੀ ਹੋਵੇਗਾ।

ਇਸ ਤੋਂ ਪਹਿਲਾਂ ਪੇਸ਼ੀ ਲਈ ਜਾਂਦੇ ਹੋਏ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਐਲਜੀ ਨੇ ਕਿਹਾ ਸੀ ਕਿ ਸਰਕਾਰ ਜੇਲ੍ਹ ਤੋਂ ਨਹੀਂ ਚੱਲੇਗੀ। ਇਸ ਦੇ ਜਵਾਬ 'ਚ ਕੇਜਰੀਵਾਲ ਨੇ ਕਿਹਾ ਕਿ ਇਹ ਸਿਆਸੀ ਸਾਜ਼ਿਸ਼ ਹੈ, ਜਨਤਾ ਇਸ ਦਾ ਜਵਾਬ ਦੇਵੇਗੀ।