25 ਕਰੋੜ 'ਚ ਡਾਲਮੀਆ ਗਰੁੱਪ ਨੇ ਗੋਦ ਲਿਆ ਇਤਿਹਾਸਕ ਲਾਲ ਕਿਲ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਪੁਰਾਣੀਆਂ ਇਤਿਹਾਸਕ ਇਮਾਰਤਾਂ ਖ਼ਰਾਬ ਹੁੰਦੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਦੇਸ਼ ਦਾ ਧਰੋਹਰ ਮੰਨਿਆ ਜਾਂਦਾ ਲਾਲ ਕਿਲ੍ਹਾ ਵੀ ਸ਼ਾਮਲ ਹੈ।

dalmia group adopted red fort heritage 25 crore

ਨਵੀਂ ਦਿੱਲੀ : ਦੇਸ਼ ਵਿਚ ਪੁਰਾਣੀਆਂ ਇਤਿਹਾਸਕ ਇਮਾਰਤਾਂ ਖ਼ਰਾਬ ਹੁੰਦੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਦੇਸ਼ ਦਾ ਧਰੋਹਰ ਮੰਨਿਆ ਜਾਂਦਾ ਲਾਲ ਕਿਲ੍ਹਾ ਵੀ ਸ਼ਾਮਲ ਹੈ। ਕੇਂਦਰ ਸਰਕਾਰ ਦੀ 'ਅਡਾਪਟ ਏ ਹੈਰੀਟੇਜ਼' ਸਕੀਮ ਤਹਿਤ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਵਲੋਂ ਬਣਵਾਏ ਗਏ ਇਤਿਹਾਸਕ ਲਾਲ ਕਿਲ੍ਹੇ ਨੂੰ ਡਾਲਮੀਆ ਗਰੁੱਪ ਨੇ ਗੋਦ ਲੈ ਲਿਆ ਹੈ ਜੋ ਇਸ ਇਤਿਹਾਸਕ ਧਰੋਹਰ ਦੀ ਮੁਰੰਮਤ ਦਾ ਕੰਮ ਕਰੇਗਾ। ਡਾਲਮੀਆ ਗਰੁੱਪ ਨੇ ਇਸ ਦੇ ਲਈ ਸਰਕਾਰ ਨਾਲ 25 ਕਰੋੜ ਰੁਪਏ ਦੀ ਡੀਲ ਕੀਤੀ ਹੈ। 

ਡਾਲਮੀਆ ਗਰੁੱਪ ਕਿਸੇ ਇਤਿਹਾਸਕ ਇਮਾਰਤ ਨੂੰ ਗੋਦ ਲੈਣ ਵਾਲਾ ਭਾਰਤ ਦਾ ਇਹ ਪਹਿਲਾ ਕਾਰਪੋਰੇਟ ਹਾਊਸ ਬਣ ਗਿਆ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਡਾਲਮੀਆ ਗਰੁੱਪ ਨੇ ਇਹ ਠੇਕਾ 5 ਸਾਲ ਲਈ ਇੰਡੀਗੋ ਏਅਰਲਾਈਨਜ਼ ਅਤੇ ਜੀਐਮਆਰ ਗਰੁੱਪ ਨੂੰ ਹਰਾ ਕੇ ਜਿੱਤਿਆ ਹੈ। ਲਾਲ ਕਿਲ੍ਹੇ ਤੋਂ ਬਾਅਦ 'ਅਡਾਪਟ ਏ ਹੈਰੀਟੇਜ਼' ਤਹਿਤ ਜਲਦ ਹੀ ਤਾਜ ਮਹਿਲ ਨੂੰ ਗੋਦ ਲੈਣ ਦੀ ਪ੍ਰਕਿਰਿਆ ਵੀ ਪੂਰੀ ਹੋ ਜਾਵੇਗੀ।

ਤਾਜ ਮਹਿਲ ਨੂੰ ਗੋਦ ਲੈਣ ਲਈ ਜੀਐਮਆਰ ਸਪੋਰਟਸ ਅਤੇ ਆਈਟੀਸੀ ਆਖ਼ਰੀ ਦੌਰ ਵਿਚ ਹੈ। ਦਰਅਸਲ ਸਰਕਾਰ ਨੇ 'ਅਡਾਪਟ ਏ ਹੈਰੀਟੇਜ਼' ਸਕੀਮ ਸਤੰਬਰ 2017 ਵਿਚ ਲਾਂਚ ਕੀਤੀ ਸੀ। ਦੇਸ਼ ਪਰ ਦੇ 100 ਇਤਿਹਾਸਕ ਸਮਾਰਕਾਂ ਲਈ ਇਹ ਸਕੀਮ ਲਾਗੂ ਕੀਤੀ ਗਈ ਹੈ। 

ਡਾਲਮੀਆ ਗਰੁੱਪ ਸੰਭਾਵਤ 23 ਮਈ ਤੋਂ ਕੰਮ ਵੀ ਸ਼ੁਰੂ ਕਰਨ ਦੀ ਪ੍ਰਕਿਰਿਆ ਵਿਚ ਲੱਗ ਜਾਵੇਗਾ। ਹਾਲਾਂਕਿ 15 ਅਗੱਸਤ ਦੇ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਜੁਲਾਈ ਵਿਚ ਡਾਲਮੀਆ ਗਰੁੱਪ ਨੂੰ ਲਾਲ ਕਿਲ੍ਹਾ ਫਿਰ ਤੋਂ ਸੁਰੱਖਿਆ ਏਜੰਸੀਆਂ ਨੂੰ ਦੇਣਾ ਹੋਵੇਗਾ। ਇਸ ਤੋਂ ਬਾਅਦ ਗਰੁੱਪ ਫਿ਼ਰ ਤੋਂ ਲਾਲ ਕਿਲ੍ਹੇ ਨੂੰ ਅਪਣੇ ਹੱਥ ਵਿਚ ਲੈ ਲਵੇਗਾ। ਦਸ ਦਈਏ ਕਿ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ 15 ਅਗੱਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਇਥੇ ਤਿਰੰਗਾ ਲਹਿਰਾਉਂਦੇ ਹਨ ਅਤੇ ਲਾਲ ਕਿਲ੍ਹੇ ਦੇ ਥੜ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦੇ ਹਨ। 

ਲਾਲ ਕਿਲ੍ਹੇ ਦੇ ਠੇਕੇ ਨੂੰ ਲੈ ਕੇ ਡਾਲਮੀਆ ਭਾਰਤ ਗਰੁੱਪ, ਸੈਰ ਸਪਾਟਾ ਮੰਤਰਾਲਾ, ਆਰਕੀਓਲਾਜ਼ੀ ਸਰਵੇ ਆਫ਼ ਇੰਡੀਆ ਵਿਚਕਾਰ 9 ਅਪ੍ਰੈਲ ਨੂੰ ਡੀਲ ਹੋਈ। ਗਰੁੱਪ ਨੂੰ 6 ਮਹੀਨੇ ਵਿਚ ਲਾਲ ਕਿਲ੍ਹੇ ਅੰਦਰ ਸਹੂਲਤਾਂ ਦੇਣੀਆਂ ਹੋਣੀਆਂ। ਇਸ ਵਿਚ ਪੀਣ ਦੇ ਪਾਣੀ ਦੀ ਸਹੂਲਤ, ਸਟ੍ਰੀਟ ਫ਼ਰਨੀਚਰ ਵਰਗੀਆਂ ਸਹੂਲਤਾਂ ਸ਼ਾਮਲ ਹਨ। ਡਾਲਮੀਆ ਭਾਰਤ ਗਰੁੱਪ ਦੇ ਸੀਈਓ ਮਹੇਂਦਰ ਸਿੰਘੀ ਨੇ ਕਿਹਾ ਕਿ ਲਾਲ ਕਿਲ੍ਹੇ ਵਿਚ 30 ਦਿਨਾਂ ਦੇ ਅੰਦਰ ਕੰਮ ਸ਼ੁਰੂ ਕਰ ਦਿਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ਸਾਨੂੰ ਸ਼ੁਰੂ ਵਿਚ ਪੰਜ ਸਾਲਾਂ ਲਈ ਮਿਲਿਆ ਹੈ। ਠੇਕਾ ਬਾਅਦ ਵਿਚ ਵਧਾਇਆ ਵੀ ਜਾ ਸਕਦਾ ਹੈ। ਹਰ ਸੈਲਾਨੀ ਸਾਡੇ ਲਈ ਇਕ ਗਾਹਕ ਹੋਵੇਗਾ ਅਤੇ ਇਸ ਨੂੰ ਉਸੇ ਤਰਜ਼ 'ਤੇ ਵਿਕਸਤ ਕੀਤਾ ਜਾਵੇਗਾ। ਸਾਡੀ ਕੋਸ਼ਿਸ਼ ਹੋਵੇਗੀ ਕਿ ਸੈਲਾਨੀ ਇੱਥੇ ਇਕ ਵਾਰ ਆ ਕੇ ਹੀ ਨਾ ਰੁਕ ਜਾਣ, ਬਲਕਿ ਵਾਰ-ਵਾਰ ਆਉਂਦੇ ਰਹਿਣ।