ਕਠੂਆ ਸਮੂਹਕ ਬਲਾਤਕਾਰ ਮਾਮਲਾ ਬੇਟੇ ਨੂੰ ਬਚਾਉਣ ਲਈ ਸਾਂਝੀ ਰਾਮ ਨੇ ਹੀ ਰਚੀ ਸੀ ਬੱਚੀ ਦੇ ਕਤਲ ਦੀ ਸਾਜ਼ਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੱਚੀ ਦੀ ਲਾਸ਼ 17 ਜਨਵਰੀ ਨੂੰ ਜੰਗਲ ਤੋਂ ਬਰਾਮਦ ਹੋਈ ਸੀ

Kathua Case

ਜੰਮੂ, 27 ਅਪ੍ਰੈਲ: ਕਠੂਆ ਵਿਚ ਅੱਠ ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਉਸ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਕਿਹਾ ਹੈ ਕਿ ਮੁਲਜ਼ਮਾਂ ਵਿਚੋਂ ਇਕ ਸਾਂਝੀ ਰਾਮ ਨੇ ਪੁੱਛਗਿਛ ਦੌਰਾਨ ਦਸਿਆ ਕਿ ਉਸ ਨੂੰ ਬੱਚੀ ਦੇ ਅਗਵਾ ਦੇ ਚਾਰ ਦਿਨ ਬਾਅਦ ਉਸ ਨਾਲ ਬਲਾਤਕਾਰ ਹੋਣ ਦੀ ਗੱਲ ਪਤਾ ਲੱਗੀ ਸੀ। ਬਲਾਤਕਾਰ ਵਿਚ ਅਪਣੇ ਪੁੱਤਰ ਦੇ ਵੀ ਸ਼ਾਮਿਲ ਹੋਣ ਦਾ ਪਤਾ ਲੱਗਣ 'ਤੇ ਉਸ ਨੇ ਬੱਚੀ ਦਾ ਕਤਲ ਕਰਨ ਦਾ ਫ਼ੈਸਲਾ ਕੀਤਾ। ਜਾਂਚ ਅਧਿਕਾਰੀਆਂ ਨੇ ਦਸਿਆ ਕਿ 10 ਜਨਵਰੀ ਨੂੰ ਬੱਚੀ ਨਾਲ ਉਸ ਦਿਨ ਹੀ ਸੱਭ ਤੋਂ ਪਹਿਲਾਂ ਸਾਂਝੀ ਰਾਮ ਦੇ ਨਾਬਾਲਗ਼ ਭਤੀਜੇ ਨੇ ਬਲਾਤਕਾਰ ਕੀਤਾ ਸੀ। ਬੱਚੀ ਦੀ ਲਾਸ਼ 17 ਜਨਵਰੀ ਨੂੰ ਜੰਗਲ ਤੋਂ ਬਰਾਮਦ ਹੋਈ ਸੀ। ਨਾਬਾਲਗ਼ ਤੋਂ ਇਲਾਵਾ ਸਾਂਝੀ ਰਾਮ, ਉਸ ਦੇ ਪੁੱਤਰ ਵਿਸ਼ਾਲ ਅਤੇ ਪੰਜ ਹੋਰਾਂ ਨੂੰ ਇਸ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਹੈ।  
ਜਾਂਚ ਅਧਿਕਾਰੀਆਂ ਨੇ ਗੱਲਬਾਤ ਦੌਰਾਨ ਦਸਿਆ ਕਿ ਬੱਚੀ ਨੂੰ ਇਕ ਮੰਦਰ ਵਿਚ ਰਖਿਆ ਗਿਆ ਸੀ ਜਿਸ ਦਾ ਸਾਂਝੀ ਰਾਮ ਸੇਵਾਦਾਰ ਸੀ। ਉਨ੍ਹਾਂ ਦਸਿਆ ਕਿ ਹਿੰਦੂ ਕਬਜ਼ੇ ਵਾਲੇ ਇਲਾਕੇ ਤੋਂ ਬਕਰਵਾਲ ਸਮਾਜ ਦੇ ਲੋਕਾਂ ਨੂੰ ਡਰਾਉਣ ਅਤੇ ਹਟਾਉਣ ਲਈ ਇਹ ਪੂਰੀ ਸਾਜ਼ਸ਼ ਰਚੀ ਗਈ।ਸਾਂਝੀ ਰਾਮ ਦੇ ਵਕੀਲ ਅੰਕੁਰ ਸ਼ਰਮਾ ਨੇ ਜਾਂਚ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਘਟਨਾ ਦੇ ਇਸ ਵਰਣਨ ਉਤੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ ਕਿ ਉਹ ਅਪਣੀ ਬਚਾਅ ਰਣਨੀਤੀ ਨਹੀਂ ਦਸ ਸਕਦੇ।

ਜਾਂਚ ਅਧਿਕਾਰੀਆਂ ਮੁਤਾਬਕ ਸਾਂਝੀ ਰਾਮ ਨੂੰ ਇਸ ਘਟਨਾ ਦੀ ਜਾਣਕਾਰੀ 13 ਜਨਵਰੀ ਨੂੰ ਮਿਲੀ ਜਦੋਂ ਉਸ ਦੇ ਭਤੀਜੇ ਨੇ ਅਪਣਾ ਗੁਨਾਹ ਕਬੂਲ ਕੀਤਾ। ਉਸ ਨੇ ਜਾਂਚ ਅਧਿਕਾਰੀਆਂ ਨੂੰ ਦਸਿਆ ਕਿ ਉਸ ਨੇ 'ਦੇਵੀਸਥਾਨ' ਮੰਦਰ ਵਿਚ ਪੂਜਾ ਕੀਤੀ ਅਤੇ ਭਤੀਜੇ ਨੂੰ ਪ੍ਰਸ਼ਾਦ ਘਰ ਲੈ ਜਾਣ ਨੂੰ ਕਿਹਾ। ਪਰ ਉਸ ਦੇ ਦੇਰੀ ਕਰਨ 'ਤੇ ਉਸ ਨੇ ਗੁੱਸੇ ਵਿਚ ਉਸ ਨੂੰ ਕੁੱਟ ਦਿਤਾ। ਹਾਲਾਂਕਿ ਨਾਬਾਲਗ਼ ਨੇ ਸੋਚਿਆ ਕਿ ਉਸ ਦੇ ਚਾਚਾ ਨੂੰ ਲੜਕੀ ਨਾਲ ਬਲਾਤਕਾਰ ਕਰਨ ਦੀ ਗੱਲ ਪਤਾ ਚੱਲ ਗਈ ਹੈ ਅਤੇ ਉਸ ਨੇ ਖ਼ੁਦ ਹੀ ਸਾਰੀ ਗੱਲ ਕਬੂਲ ਕਰ ਲਈ।  ਉਨ੍ਹਾਂ ਦਸਿਆ ਕਿ ਉਸ ਨੇ ਅਪਣੇ ਚਚੇਰੇ ਭਰਾ ਵਿਸ਼ਾਲ (ਸਾਂਝੀ ਰਾਮ ਦਾ ਪੁੱਤਰ) ਨੂੰ ਇਸ ਮਾਮਲੇ ਵਿਚ ਫਸਾਇਆ ਅਤੇ ਕਿਹਾ ਕਿ ਦੋਹਾਂ ਨੇ ਮੰਦਰ ਅੰਦਰ ਉਸ ਨਾਲ ਬਲਾਤਕਾਰ ਕੀਤਾ।ਮਾਮਲੇ ਵਿਚ ਦਰਜ ਚਾਰਜਸ਼ੀਟ ਮੁਤਾਬਕ ਇਹ ਪਤਾ ਲੱਗਣ ਮਗਰੋਂ ਸਾਂਝੀ ਰਾਮ ਨੇ ਤੈਅ ਕੀਤਾ ਕਿ ਬੱਚੀ ਨੂੰ ਮਾਰ ਦਿਤਾ ਜਾਣਾ ਚਾਹੀਦਾ ਹੈ ਤਾਂ ਜੋ ਬਕਰਵਾਲ ਸਮਾਜ ਨੂੰ ਇਥੋਂ ਭਜਾਉਣ ਦੇ ਅਪਣੇ ਮਕਸਦ ਨੂੰ ਹਾਸਲ ਕੀਤਾ ਜਾ ਸਕੇ। ਪਰ ਇਹ ਯੋਜਨਾ ਮੁਤਾਬਕ ਨਾ ਹੋਇਆ। ਉਹ ਬੱਚੀ ਨੂੰ ਹੀਰਾਨਗਰ ਨਹਿਰ ਵਿਚ ਸੁਟਣਾ ਚਾਹੁੰਦੇ ਸਨ ਪਰ ਵਾਹਨ ਦਾ ਇੰਤਜ਼ਾਮ ਨਾ ਹੋਣ ਕਾਰਨ ਉਸ ਨੂੰ ਵਾਪਸ ਮੰਦਰ ਲਿਆਂਦਾ ਗਿਆ। ਜਾਂਚ ਅਧਿਕਾਰੀਆਂ ਨੇ ਦਸਿਆ ਕਿ ਸਾਂਝੀ ਰਾਮ ਨੇ ਅਪਣੇ ਭਤੀਜੇ ਨੂੰ ਜੁਰਮ ਕਬੂਲਣ ਲਈ ਤਿਆਰ ਕਰ ਲਿਆ ਸੀ ਪਰ ਵਿਸ਼ਾਲ ਨੂੰ ਇਸ ਸੱਭ ਤੋਂ ਦੂਰ ਰਖਿਆ ਅਤੇ ਉਸ ਨੂੰ ਭਰੋਸਾ ਦਿਤਾ ਸੀ ਕਿ ਉਹ ਉਸ ਨੂੰ ਰਿਮਾਂਡ ਹੋਮ ਤੋਂ ਜਲਦ ਬਾਹਰ ਕੱਢ ਲਵੇਗਾ। (ਪੀਟੀਆਈ)