ਦਿੱਲੀ ਪੁਲਿਸ ਨੇ ਬੰਗਲਾ ਸਾਹਿਬ ਦੀ ਪਰਿਕਰਮਾ ਕਰ ਕੇ ਕੀਤਾ ਸਿੱਖਾਂ ਦਾ ਧਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਵਲੋਂ ਅੱਜ ਇਕ ਵਿਲੱਖਣ ਕਦਮ ਚੁਕਦਿਆਂ ਕੋਰੋਨਾ ਮਹਾਮਾਰੀ ਵਿਰੁਧ ਲੜੀ ਜਾ ਰਹੀ ਜੰਗ ਵਿਚ ਸਿੱਖਾਂ ਵਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਲਈ

File Photo

ਨਵੀਂ ਦਿੱਲੀ, 27 ਅਪ੍ਰੈਲ (ਸੁਖਰਾਜ ਸਿੰਘ) : ਦਿੱਲੀ ਪੁਲਿਸ ਵਲੋਂ ਅੱਜ ਇਕ ਵਿਲੱਖਣ ਕਦਮ ਚੁਕਦਿਆਂ ਕੋਰੋਨਾ ਮਹਾਮਾਰੀ ਵਿਰੁਧ ਲੜੀ ਜਾ ਰਹੀ ਜੰਗ ਵਿਚ ਸਿੱਖਾਂ ਵਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਲਈ ਧਨਵਾਦ ਕਰਨ ਵਾਸਤੇ ਗੁਰਦਵਾਰਾ ਸ੍ਰੀ ਬੰਗਲਾ ਸਾਹਿਬ ਦੇ ਆਲੇ ਦੁਆਲੇ ਪੂਰੇ ਸਾਇਰਨ ਵਜਾ ਕੇ ਪਰਿਕਰਮਾ ਕੀਤੀ।

ਸਿੱਖ ਭਾਈਚਾਰੇ ਵਲੋਂ ਕੋਰੋਨਾ ਸੰਕਟ ਦੌਰਾਨ ਮਨੁੱਖਤਾ ਵਾਸਤੇ ਕੀਤੀ ਜਾ ਰਹੀ ਲੰਗਰ ਦੀ ਸੇਵਾ ਦੇ ਕੀਤੇ ਯਤਨਾਂ ਦਾ ਮਾਣ ਸਨਮਾਨ ਕਰਨ ਵਾਸਤੇ ਇਹ ਪਰਿਕਰਮਾ ਕੀਤੀ ਗਈ। ਇਸ ਦੀ ਅਗਵਾਈ ਡੀ ਸੀ ਪੀ ਉੱਤਰੀ ਦਿੱਲੀ ਈਸ਼ ਸਿੰਘਲ ਨੇ ਕੀਤੀ। ਡੀ.ਸੀ.ਪੀ ਸਿੰਘਲ ਪਹਿਲਾਂ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਸਿੱਖਾਂ ਵਲੋਂ ਲੋੜਵੰਦਾਂ ਤੇ ਗਰੀਬਾਂ ਵਾਸਤੇ ਕੀਤੀ ਜਾ ਰਹੀ ਲੰਗਰ ਸੇਵਾ ਲਈ ਧਨਵਾਦ ਕੀਤਾ।

ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਪੁਲਿਸ ਦੇ ਵਿਲੱਖਣ ਕਦਮਾਂ ਲਈ ਦਿੱਲੀ ਪੁਲਿਸ, ਗ੍ਰਹਿ ਮੰਤਰਾਲੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਇਸ ਮੌਕੇ ਸਿਰਸਾ ਨੇ ਕਿਹਾ ਕਿ ਇਹ ਪਰਿਕਰਮਾ ਸਿਰਫ ਮੌਕੇ 'ਤੇ ਇਕ ਗਤੀਵਿਧੀ ਵਜੋਂ ਨਹੀਂ ਵੇਖੀ ਜਾਣੀ ਚਾਹੀਦੀ ਬਲਕਿ ਇਹ ਸਿੱਖਾਂ ਵਲੋਂ ਦੇਸ਼ ਲਈ ਕੀਤੀ ਜਾ ਰਹੀ ਸੇਵਾ ਦਾ ਦਿੱਲੀ ਪੁਲਿਸ ਵਲੋਂ ਕੀਤਾ ਮਾਣ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਨਾਲ ਪਿਛਲੇ 35 ਦਿਨਾਂ ਵਿਚ ਲੱਗਭਗ 50 ਲੱਖ ਲੋਕਾਂ ਨੇ ਲੰਗਰ ਛਕਿਆਂ ਤੇ ਇਹ ਲੰਗਰ ਅੱਗੇ ਵੀ ਜਾਰੀ ਰਹੇਗਾ।