ਦਿੱਲੀ 'ਚ ਹਾਟਸਪਾਟ ਵਧਣਾ ਚਿੰਤਾ ਦੀ ਗੱਲ : ਡਾ. ਹਰਸ਼ਵਰਧਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਦੀ ਰਾਜਧਾਨੀ 'ਤੇ ਵਿਸ਼ੇਸ਼ ਨਜ਼ਰ

Dr. Harsh Vardhan
Dr. Harsh Vardhan

Dr. Harsh Vardhan

ਨਵੀਂ ਦਿੱਲੀ, 28 ਅਪ੍ਰੈਲ : ਕੇਂਦਰੀ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਦਿੱਲੀ ਵਿਚ ਲਗਾਤਾਰ ਵਧਦੀ ਕੋਰੋਨਾ ਵਾਇਰਸ ਲਾਗ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਏਮਜ਼ ਸਣੇ ਹੋਰ ਕੇਂਦਰੀ ਸੰਸਥਾਵਾਂ ਤੇ ਸਬੰਧਤ ਅਧਿਕਾਰੀਆਂ ਨੂੰ ਕੌਮੀ ਰਾਜਧਾਨੀ ਵਲ ਵਿਸ਼ੇਸ਼ ਧਿਆਨ ਦੇਣ ਲਈ ਆਖਿਆ ਗਿਆ ਹੈ।

Dr. Harsh Vardhan

       ਉਨ੍ਹਾਂ ਮੰਗਲਵਾਰ ਨੂੰ ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ, ਸਿਹਤ ਮੰਤਰੀ ਸਤੇਂਦਰ ਜੈਨ ਅਤੇ ਦਿੱਲੀ ਸਰਕਾਰ ਤੇ ਸਥਾਨਕ ਸਿਖਰਲੇ ਅਧਿਕਾਰੀਆਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਸਮੀਖਿਆ ਬੈਠਕ ਵਿਚ ਦਿੱਲੀ ਦੇ ਹਾਲਾਤ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕੋਰੋਨਾ ਲਾਗ ਦੇ ਅੰਕੜਿਆਂ ਦੇ ਆਧਾਰ 'ਤੇ ਕਿਹਾ ਕਿ ਦਿੱਲੀ ਵਿਚ ਸਿਹਤ ਕਾਮਿਆਂ ਦੇ ਲਾਗ ਤੋਂ ਪੀੜਤ ਹੋਣ ਦੀ ਦਰ 4.11 ਫ਼ੀ ਸਦੀ ਹੈ ਅਤੇ ਇਹ ਹੋਰ ਰਾਜਾਂ ਦੀ ਤੁਲਨਾ ਵਿਚ ਕਾਫ਼ੀ ਜ਼ਿਆਦਾ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਵਿਚ ਹੁਣ ਤਕ 33 ਡਾਕਟਰ ਅਤੇ 26 ਨਰਸਾਂ ਤੇ 24 ਸਿਹਤ ਕਾਮੇ ਲਾਗ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਹੁਣ ਤਕ 98 ਹਾਟਸਪਾਟ ਖੇਤਰ ਐਲਾਨੇ ਹੋਣ ਮਗਰੋਂ ਰਾਜਧਾਨੀ ਦਾ ਨਕਸ਼ ਪੂਰੀ ਤਰ੍ਹਾਂ ਰੈਡ ਜ਼ੋਨ ਵਿਚ ਤਬਦੀਲ ਹੋ ਗਿਆ ਹੈ ਜੋ ਚਿੰਤਾ ਦੀ ਗੱਲ ਹੈ।
       ਸਮੱਸਿਆ ਦੇ ਸੰਭਾਵੀ ਕਾਰਨਾਂ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਲਾਗ ਵਾਲੇ ਇਲਾਕਿਆਂ ਵਿਚ ਘੱਟ ਖੇਤਰ ਨੂੰ ਸੀਲ ਕੀਤਾ ਜਾ ਰਿਹਾ ਹੈ। ਰੈਡ ਸਪਾਟ ਐਲਾਨੇ ਜ਼ਿਲ੍ਹਿਆਂ ਦਾ ਗੁਆਂਢੀ ਜ਼ਿਲ੍ਹਿਆਂ ਨਾਲ ਸੰਪਰਕ ਕਾਇਮ ਰਹਿਣਾ ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿਚ ਤਾਲਾਬੰਦੀ ਦੀ ਠੀਕ ਤਰ੍ਹਾਂ ਪਾਲਣਾ ਨਾ ਹੋਣ ਕਾਰਨ ਹਾਲਾਤ ਕਾਬੂ ਵਿਚ ਨਹੀਂ ਆ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਤਬਲੀਗ਼ੀ ਜਮਾਤ ਦੀ ਘਟਨਾ ਵੀ ਮੁੱਖ ਕਾਰਨ ਹੈ। ਇਸ ਘਟਨਾ ਮਗਰੋਂ ਹਾਲਾਤ ਕਾਬੂ ਕੀਤੇ ਜਾਣੇ ਚਾਹੀਦੇ ਸਨ। ਬਹੁਤੇ ਮਰੀਜ਼ਾਂ ਦਾ ਸਬੰਧ ਤਬਲੀਗ਼ੀ ਜਮਾਤ ਦੀ ਘਟਨਾ ਨਾਲ ਹੈ। ਉਨ੍ਹਾਂ ਕਿਹਾ ਕਿ ਦਖਣੀ ਦਿੱਲੀ, ਮੱਧ ਖੇਤਰ ਅਤੇ ਪੂਰਬੀ ਦਿੱਲੀ ਵਿਚ ਕੋਰੋਨਾ ਲਾਗ ਦਾ ਅਸਰ ਸੱਭ ਤੋਂ ਜ਼ਿਆਦਾ ਹੈ।  (ਏਜੰਸੀ)