ਹਜ਼ੂਰ ਸਾਹਿਬ ਗੁਰਦਵਾਰੇ ਵਿਚ ਚੌਕਸੀ ਪੰਜਾਬ ਪਰਤੇ ਅੱਠ ਸ਼ਰਧਾਲੂ ਕੋਰੋਨਾ ਪੀੜਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਜ਼ੂਰ ਸਾਹਿਬ ਗੁਰਦਵਾਰੇ ਵਿਚ ਚੌਕਸੀ ਪੰਜਾਬ ਪਰਤੇ ਅੱਠ ਸ਼ਰਧਾਲੂ ਕੋਰੋਨਾ ਪੀੜਤ

image

ਔਰੰਗਾਬਾਦ, 28 ਅਪ੍ਰੈਲ : ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿਚ ਪੈਂਦੇ ਹਜ਼ੂਰ ਸਾਹਿਬ ਗੁਰਦਵਾਰੇ ਨੂੰ ਮੁਸਤੈਦ ਕਰ ਦਿਤਾ ਗਿਆ ਹੈ ਕਿਉਂਕਿ ਇਥੋਂ ਪੰਜਾਬ ਮੁੜੇ ਕੁੱਝ ਤੀਰਥ ਯਾਤਰੀ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਮਿਲੇ ਹਨ। ਥ


       ਗੁਰਦਵਾਰੇ ਦੇ ਅਧਿਕਾਰੀ ਨੇ ਦਸਿਆ ਕਿ ਗੁਰਦਵਾਰਾ ਪ੍ਰਸ਼ਾਸਨ ਇਮਾਰਤ ਨੂੰ ਲਗਾਤਾਰ ਕੀਟਾਣੂ ਮੁਕਤ ਕਰ ਰਿਹਾ ਹੈ ਅਤੇ ਸਮਾਜਕ ਮੇਲਜੋਲ ਤੋਂ ਦੂਰੀ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਨਾਂਦੇੜ ਤੋਂ ਪੰਜਾਬ ਮੁੜੇ ਅੱਠ ਸਿੱਖ ਤੀਰਥ ਯਾਤਰੀਆਂ ਨੂੰ ਸੋਮਵਾਰ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਮਿਲੇ ਸਨ।


     ਪੰਜ ਸ਼ਰਧਾਲੂ ਪੰਜਾਬ ਦੇ ਤਰਨਤਾਰਨ ਦੇ ਹਨ ਜਦਕਿ ਤਿੰਨ ਕਪੂਰਥਲਾ ਦੇ ਰਹਿਣ ਵਾਲੇ ਹਨ। ਗੁਰਦਵਾਰੇ ਦੇ ਮੈਨੇਜਰ ਗੁਰਵਿੰਦਰ ਸਿੰਘ ਵਧਾਵਾ ਨੇ ਕਿਹਾ, 'ਅਸੀਂ ਹਰ ਤਰ੍ਹਾਂ ਨਾਲ ਦੇਖਭਾਲ ਕਰ ਰਹੇ ਹਾਂ। ਇਮਾਰਤ ਦੇ ਹਰ ਕੋਨੇ ਨੂੰ ਲਗਾਤਾਰ ਲਾਗ ਮੁਕਤ ਕੀਤਾ ਜਾ ਰਿਹਾ ਹੈ। ਸਮਾਜਕ ਦੂਰੀ ਨੂੰ ਕਾਇਮ ਰਖਿਆ ਜਾ ਰਿਹਾ ਹੈ। ਸਾਡੀ ਅਪਣੀ ਆਈਸੋਲੇਸ਼ਨ ਸਹੂਲਤ ਵੀ ਹੈ। ਉਨ੍ਹਾਂ ਕਿਹਾ ਕਿ ਤਿੰਨ ਵਿਅਕਤੀ ਪਹਿਲਾਂ ਤੋਂ ਹੀ ਇਥੇ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਨਾਂਦੇੜ ਦੇ ਗੁਰਦਵਾਰਾ ਹਜ਼ੂਰ ਸਾਹਿਬ ਵਿਚ ਮੱਥਾ ਟੇਕਣ ਆਏ ਪੰਜਾਬ ਦੇ ਲਗਭਗ 4000 ਸ਼ਰਧਾਲੂ ਤਾਲਾਬੰਦੀ ਕਾਰਨ ਫਸ ਗਏ ਸਨ। ਹੁਣ, ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਖ਼ਲ ਮਗਰੋਂ ਪੰਜਾਬ ਭੇਜਿਆ ਜਾ ਰਿਹਾ ਹੈ।  (ਏਜੰਸੀ)