ਇਕ ਸਾਲ ਦੇ ਕੋਰੋਨਾ ਪਾਜ਼ੇਟਿਵ ਬੱਚੇ ਨੂੰ ਨਹੀਂ ਮਿਲਿਆ ਹਸਪਤਾਲ ਵਿਚ ਬੈੱਡ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੇਵਸ ਮਾਂ ਕਰਦੀ ਰਹੀ ਹਸਪਤਾਲ ਪ੍ਰਸ਼ਾਸ਼ਨ ਦੀਆਂ ਮਿੰਨਤਾਂ

Corona positive Baby

ਵਿਸ਼ਾਖਾਪਟਨਮ​: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੀ ਗਤੀ ਇੰਨੀ ਘਾਤਕ ਹੈ ਕਿ ਸਿਹਤ ਪ੍ਰਣਾਲੀ ਬੁਰੀ ਤਰ੍ਹਾਂ ਨਾਲ ਢਹਿ ਗਈ ਹੈ। ਹਸਪਤਾਲਾਂ ਵਿਚ ਬੈੱਡ ਦੀ ਭਾਰੀ ਘਾਟ ਹੈ, ਜਿਸ ਕਾਰਨ ਕੋਰੋਨਾ ਲਾਗ ਵਾਲੇ ਮਰੀਜ਼ ਹਸਪਤਾਲ ਦੇ ਬਾਹਰ ਹੀ ਮਰ ਰਹੇ ਹਨ।

ਅਜਿਹਾ ਹੀ ਇਕ ਦੁਖਦਾਈ ਮਾਮਲਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਸਾਹਮਣੇ ਆਇਆ ਹੈ। ਇਕ ਮਾਂ ਆਪਣੇ ਕੋਰੋਨਾ  ਸੰਕਰਮਿਤ ਇਕ ਸਾਲ ਦੇ ਬੇਟੇ ਲਈ ਹਸਪਤਾਲ ਦੇ ਡਾਕਟਰਾਂ ਮਿੰਨਤਾਂ ਕਰਦੀ ਰਹੀ ਪਰ ਬੈੱਡ ਦੀ ਘਾਟ ਕਾਰਨ ਹਸਪਤਾਲ ਵਿਚ ਦਾਖਲ ਨਹੀਂ ਕੀਤਾ ਗਿਆ।

ਕੁਝ ਸਮੇਂ ਬਾਅਦ ਹਸਪਤਾਲ ਦੇ ਬਾਹਰ ਇਕ ਐਂਬੂਲੈਂਸ ਵਿਚ ਮਾਸੂਮ ਦੀ ਮੌਤ ਹੋ ਗਈ ਅਤੇ ਬੇਵਸ ਮਾਂ ਉਸ ਵੱਲ ਵੇਖਦੀ ਰਹੀ। ਇਹ ਦਰਦਨਾਕ ਮਾਮਲਾ ਵਿਸ਼ਾਖਾਪਟਨਮ ਦੇ ਕਿੰਗ ਜਾਰਜ ਹਸਪਤਾਲ ਦੇ ਬਾਹਰ ਦਾ ਹੈ। ਇਕ ਮਾਂ ਆਪਣੇ ਪੁੱਤ ਨੂੰ ਹਸਪਤਾਲ ਲੈ ਕੇ ਪਹੁੰਚੀ। ਉਸਦਾ ਇਕ ਸਾਲ ਦਾ ਬੇਟਾ ਕੋਰੋਨਾ ਸਕਾਰਾਤਮਕ ਸੀ। ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ।

ਆਪਣੇ ਜਿਗਰ ਦੇ ਟੁੱਕੜੇ ਨੂੰ ਤੜਫਦਾ ਵੇਖ ਬੇਵੱਸ ਮਾਂ ਹਸਪਤਾਲ ਪ੍ਰਸ਼ਾਸਨ ਦੀਆਂ ਬੱਚੇ ਨੂੰ ਹਸਪਤਾਲ ਵਿਚ ਭਰਤੀ ਕਰਨ ਦੀਆਂ ਮਿੰਨਤਾਂ ਕਰਦੀ ਰਹੀ ਪਰ ਹਸਪਤਾਲ ਵਿਚ ਬੈੱਡ ਦੀ ਕਮੀ ਦੀ ਵਜਾ ਨਾਲ ਬੱਚੇ ਨੂੰ ਹਸਪਤਾਲ ਵਿਚ ਭਰਤੀ ਨਹੀਂ ਕੀਤਾ ਜਿਸ ਤੋਂ ਬਾਅਦ ਬੱਚੇ ਨੇ ਤੜਫ ਤੜਫ ਦਮ ਤੋੜ ਦਿੱਤਾ।   

ਦੱਸ ਦਈਏ ਕਿ ਕਿੰਗ ਜਾਰਜ ਹਸਪਤਾਲ 150 ਸਾਲ ਤੋਂ ਵੀ ਵੱਧ ਪੁਰਾਣਾ ਹੈ ਅਤੇ ਆਂਧਰਾ ਪ੍ਰਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ, ਪਰ ਇਸ ਹਸਪਤਾਲ ਨੇ ਬੈੱਡ ਦੀ ਘਾਟ ਕਾਰਨ ਬੱਚੇ ਨੂੰ ਦਾਖਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਮਾਸੂਮ ਦੀ ਮੌਤ ਨੇ ਆਂਧਰਾ ਪ੍ਰਦੇਸ਼ ਦੀ ਸਿਹਤ ਪ੍ਰਣਾਲੀ 'ਤੇ ਸਵਾਲ ਖੜੇ ਕੀਤੇ ਹਨ।