ਗੁਰੂਗ੍ਰਾਮ 'ਚ ਚਾਰ ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, 2 ਲੋਕ ਝੁਲਸੇ, ਵਾਹਨ ਸੜ ਕੇ ਸੁਆਹ
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਨਾਲ 2 ਕਾਰਾਂ, 2 ਸਕੂਟਰ ਅਤੇ ਤਿੰਨ ਮੋਟਰਸਾਈਕਲ ਵੀ ਸੜ ਗਏ।
ਗੁਰੂਗ੍ਰਾਮ - ਹਰਿਆਣਾ 'ਚ ਗੁਰੂਗ੍ਰਾਮ ਦੇ ਸੁਸ਼ਾਂਤ ਲੋਕ ਇਲਾਕੇ 'ਚ ਇਕ ਚਾਰ ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ ਜਿਸ ਦੌਰਾਨ 2 ਲੋਕ ਝੁਲਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਸੁਸ਼ਾਂਤ ਲੋਕ ਕੇ ਸੀ ਬਲਾਕ 'ਚ ਸਥਿਤ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਇਸ ਇਮਾਰਤ 'ਚ ਲੋਕ ਪੇਇੰਗ ਗੈਸਟ (ਪੀਜੀ) ਦੇ ਤੌਰ 'ਤੇ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਪੁਲਿਸ ਦੇ ਦਲ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ 11 ਲੋਕਾਂ ਨੂੰ ਮੌਕੇ 'ਤੇ ਬਚਾਇਆ ਗਿਆ।
ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਫਾਇਰ ਬ੍ਰਿਗੇਡ ਅਧਿਕਾਰੀ ਨਰੇਂਦਰ ਯਾਦਵ ਅਨੁਸਾਰ, ਅੱਗ ਲੱਗਣ ਬਾਰੇ ਸਵੇਰੇ ਕਰੀਬ 5 ਵਜੇ ਜਾਣਕਾਰੀ ਮਿਲੀ ਅਤੇ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੂੰ ਹਾਦਸੇ ਵਾਲੀ ਜਗ੍ਹਾ 'ਤੇ ਭੇਜਿਆ ਗਿਆ। ਉਨ੍ਹਾਂ ਕਿਹਾ,''ਇਸ ਚਾਰ ਮੰਜ਼ਿਲਾ ਪੀਜੀ ਇਮਾਰਤ 'ਚ 18 ਕਮਰੇ ਹਨ।
ਅੱਗ ਲੱਗਣ ਸਮੇਂ ਕਈ ਲੋਕ ਸੌਂ ਰਹੇ ਸਨ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।'' ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਜਾਂਚ ਕਰ ਰਹੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਨਾਲ 2 ਕਾਰਾਂ, 2 ਸਕੂਟਰ ਅਤੇ ਤਿੰਨ ਮੋਟਰਸਾਈਕਲ ਵੀ ਸੜ ਗਏ।