ਪਹਿਲਵਾਨਾਂ ਦਾ ਪ੍ਰਦਰਸ਼ਨ ਲਗਾਤਾਰ 6ਵੇਂ ਦਿਨ ਵੀ ਜਾਰੀ, ਦਿੱਲੀ ਪੁਲਿਸ ਅੱਜ ਦਰਜ ਕਰੇਗੀ FIR
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇਸ ਮਾਮਲੇ 'ਤੇ ਕਿਹਾ ਕਿ "ਪਿਛਲੀ ਵਾਰ ਵੀ ਮੈਂ ਪਹਿਲਵਾਨਾਂ ਨੂੰ ਮਿਲਿਆ ਸੀ।
ਨਵੀਂ ਦਿੱਲੀ - ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਐਫਆਈਆਰ ਦਰਜ ਕਰਨ ਦੇ ਮਾਮਲੇ ਵਿਚ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇੱਥੇ ਦਿੱਲੀ ਪੁਲਿਸ ਐਫਆਈਆਰ ਦਰਜ ਕਰਨ ਲਈ ਤਿਆਰ ਹੋ ਗਈ ਹੈ। ਐਸਜੀ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਅੱਜ ਸ਼ਾਮ ਤੱਕ ਦਿੱਲੀ ਪੁਲਿਸ ਪਹਿਲਵਾਨਾਂ ਦੀ ਸ਼ਿਕਾਇਤ ’ਤੇ ਐਫਆਈਆਰ ਦਰਜ ਕਰ ਲਵੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ 17 ਮਈ ਨੂੰ ਹੋਵੇਗੀ।
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇਸ ਮਾਮਲੇ 'ਤੇ ਕਿਹਾ ਕਿ "ਪਿਛਲੀ ਵਾਰ ਵੀ ਮੈਂ ਪਹਿਲਵਾਨਾਂ ਨੂੰ ਮਿਲਿਆ ਸੀ। ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਸੀ। ਸਾਰਿਆਂ ਨੂੰ ਉਸ ਕਮੇਟੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ ਸੀ। ਕਮੇਟੀ ਵਿਚ ਔਰਤਾਂ ਨੂੰ ਵੱਡੀ ਗਿਣਤੀ ਵਿੱਚ ਰੱਖਿਆ ਗਿਆ ਸੀ ਕਿਉਂਕਿ ਉਹ ਔਰਤਾਂ ਸਾਹਮਣੇ ਖੁੱਲ੍ਹ ਕੇ ਆਪਣਾ ਪ੍ਰਗਟਾਵਾ ਕਰ ਸਕਦੀਆਂ ਹਨ।
ਅਸੀਂ IOA ਨੂੰ ਨਿਰਪੱਖ ਚੋਣਾਂ ਕਰਵਾਉਣ ਦਾ ਆਦੇਸ਼ ਦਿੱਤਾ ਹੈ, ਜਿਸ ਨੇ ਕੱਲ੍ਹ ਆਪਣੀ ਕਮੇਟੀ ਬਣਾਈ ਸੀ। ਇਹ ਕਮੇਟੀ ਉੱਥੇ ਚੋਣ ਪ੍ਰਕਿਰਿਆ, ਟੂਰਨਾਮੈਂਟ ਸੰਗਠਨ ਅਤੇ ਅੰਦਰੂਨੀ ਸ਼ਿਕਾਇਤਾਂ ਕਮੇਟੀ ਦਾ ਗਠਨ ਕਰੇਗੀ। ਸਾਰੇ ਕਦਮ ਉਸੇ ਦਿਸ਼ਾ ਵਿਚ ਹਨ।" ਦੱਸ ਦਈਏ ਕਿ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਕੁਝ ਕੋਚਾਂ ਵਿਰੁੱਧ ਪਹਿਲਵਾਨਾਂ ਦਾ ਪ੍ਰਦਰਸ਼ਨ ਛੇਵੇਂ ਦਿਨ ਵੀ ਜਾਰੀ ਹੈ। ਵਿਨੇਸ਼ ਫੋਗਾਟ, ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਮੇਤ ਕਈ ਖਿਡਾਰੀ ਐਤਵਾਰ (23 ਅਪ੍ਰੈਲ) ਨੂੰ ਦਿੱਲੀ ਦੇ ਜੰਤਰ-ਮੰਤਰ ਪਹੁੰਚੇ। ਉਦੋਂ ਤੋਂ ਉਹ ਹੜਤਾਲ 'ਤੇ ਬੈਠੇ ਹਨ। ਪਹਿਲਵਾਨਾਂ ਨੇ ਜਨਵਰੀ ਵਿੱਚ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਵੀ ਪ੍ਰਦਰਸ਼ਨ ਕੀਤਾ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਪਹਿਲਵਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਵੀ ਟਵੀਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅੱਜ ਇਹ ਪੋਸਟਰ ਜੰਤਰ-ਮੰਤਰ 'ਤੇ ਲਗਾਇਆ ਗਿਆ ਹੈ। ਦੇਸ਼ ਦੇ ਪਹਿਲਵਾਨ ਇਸ ਬਾਹੂਬਲੀ ਦੇ ਖ਼ਿਲਾਫ਼ ਲੜ ਰਹੇ ਹਨ। ਅਜਿਹੇ ਮਨੁੱਖ ਨੂੰ ਕਿਉਂ ਬਚਾਇਆ ਜਾ ਰਿਹਾ ਹੈ? ਦਰਅਸਲ ਉਹਨਾਂ ਨੇ ਜੋ ਪੋਸਟਰ ਸ਼ੇਅਰ ਕੀਤਾ ਹੈ ਉਸ ਉੱਪਰ ਬ੍ਰਿਜ ਭੂਸ਼ਣ ਸ਼ਰਨ ਖਿਲਾਫ਼ ਜੋ ਮਾਮਲੇ ਦਰਜ ਹਨ, ਉਸ ਦਾ ਵੇਰਵਾ ਦਿੱਤਾ ਹੋਇਆ ਹੈ।