Delhi News : ਚੋਣ ਕਮਿਸ਼ਨ ਨੇ 'ਆਪ' ਦੇ ਕੈਂਪੇਨ ਗੀਤ 'ਤੇ ਲਗਾਈ ਪਾਬੰਦੀ ,ਆਤਿਸ਼ੀ ਨੇ ਕੇਂਦਰ 'ਤੇ ਚੁੱਕੇ ਸਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

'ਆਪ' ਦੇ ਕੈਂਪੇਨ ਗੀਤ 'ਤੇ ਪਾਬੰਦੀ, ਆਤਿਸ਼ੀ ਬੋਲੀ - ਚੋਣ ਕਮਿਸ਼ਨ ਭਾਜਪਾ ਦਾ ਹਥਿਆਰ...

Atishi Marlena

Delhi News : ਆਮ ਆਦਮੀ ਪਾਰਟੀ ਨੇ ਆਰੋਪ ਲਾਇਆ ਹੈ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਕੈਂਪੇਨ ਗੀਤ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ 'ਚ ਪਾਰਟੀ ਨੇ ਆਪਣਾ ਕੈਂਪੇਨ ਗੀਤ ਲਾਂਚ ਕੀਤਾ ਸੀ। ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ ਕੈਂਪੇਨ ਗੀਤ 'ਤੇ ਪਾਬੰਦੀ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। 

ਉਨ੍ਹਾਂ ਕਿਹਾ ਕਿ ਹੁਣ ਭਾਜਪਾ ਦੇ ਇੱਕ ਹੋਰ ਸਿਆਸੀ ਹਥਿਆਰ ਚੋਣ ਕਮਿਸ਼ਨ ਨੇ ‘ਆਪ’ ਦੇ ਕੈਂਪੇਨ ਗੀਤ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਚੋਣ ਕਮਿਸ਼ਨ ਨੇ ਕਿਸੇ ਪਾਰਟੀ ਦੇ ਕੈਂਪੇਨ ਗੀਤ 'ਤੇ ਪਾਬੰਦੀ ਲਗਾਈ ਹੈ।

ਆਤਿਸ਼ੀ ਨੇ ਕਿਹਾ, 'ਤਾਨਾਸ਼ਾਹੀ ਸਰਕਾਰਾਂ 'ਚ ਵਿਰੋਧੀ ਪਾਰਟੀਆਂ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾਂਦਾ ਹੈ। ਅੱਜ ਅਜਿਹਾ ਹੀ ਹੋਇਆ ਹੈ।ਭਾਜਪਾ ਦੇ ਇੱਕ ਹੋਰ ਹਥਿਆਰ ਚੋਣ ਕਮਿਸ਼ਨ ਨੇ ਇਸ ਪੱਤਰ ਰਾਹੀਂ ਆਮ ਆਦਮੀ ਪਾਰਟੀ ਦੇ ਕੈਂਪੇਨ ਗੀਤ 'ਤੇ ਪਾਬੰਦੀ ਲਾ ਦਿੱਤੀ ਹੈ। ਚੋਣ ਕਮਿਸ਼ਨ ਨੂੰ ਭਾਜਪਾ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਨਜ਼ਰ ਨਹੀਂ ਆਉਂਦੀ, ਪਰ ਜਦੋਂ ਵੀ ਆਮ ਆਦਮੀ ਪਾਰਟੀ ਦੇ ਆਗੂ ਸਾਹ ਤੱਕ ਲੈਂਦੇ ਹਨ ਤਾਂ ਨੋਟਿਸ ਆ ਜਾਂਦੇ ਹਨ।

ਆਤਿਸ਼ੀ ਨੇ ਕਿਹਾ ਕਿ ਆਪ ਦੇ ਕੈਂਪੇਨ ਗੀਤ 'ਚ ਕਿਤੇ ਵੀ ਭਾਜਪਾ ਦਾ ਜ਼ਿਕਰ ਨਹੀਂ ਹੈ। ਅਸੀਂ ਤਾਨਾਸ਼ਾਹੀ ਨਾਲ ਲੜਨ ਦੀ ਗੱਲ ਕੀਤੀ ਹੈ। ਇਸ 'ਤੇ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਸੱਤਾਧਾਰੀ ਪਾਰਟੀ ਦੀ ਆਲੋਚਨਾ ਹੈ। 

ਉਨ੍ਹਾਂ ਕਿਹਾ ;ਹੁਣ ਤਾਂ ਚੋਣ ਕਮਿਸ਼ਨ ਵੀ ਮੰਨ ਰਿਹਾ ਕਿ ਭਾਜਪਾ ਤਾਨਾਸ਼ਾਹੀ ਕਰ ਰਹੀ ਹੈ। ਜਦੋਂ ਭਾਜਪਾ ਵਾਲੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਦੇ ਹਨ ਅਤੇ ਤਾਨਾਸ਼ਾਹੀ ਵਰਤਦੇ ਹਨ ਤਾਂ ਚੋਣ ਕਮਿਸ਼ਨ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਪਰ ਜੇਕਰ ਅਸੀਂ ਇਸਦੀ ਖ਼ਿਲਾਫ਼ਤ ਅਤੇ ਜ਼ਿਕਰ ਵੀ ਕਰੀਏ ਤਾਂ ਕਮਿਸ਼ਨ ਨੂੰ ਦਿੱਕਤ ਹੁੰਦੀ ਹੈ।