ਯੂ.ਪੀ. ਮਦਰੱਸੇ ’ਚ ਅਚਨਚੇਤ ਜਾਂਚ ਦੌਰਾਨ ਹੋਏ ਵੱਡੇ ਖੁਲਾਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

10ਵੀਂ ਜਮਾਤ ਦਾ ਕੋਈ ਵੀ ਵਿਦਿਆਰਥੀ ਅੰਗਰੇਜ਼ੀ ’ਚ ਨਾਮ ਨਹੀਂ ਲਿਖ ਸਕਿਆ

Major revelations during surprise inspection in UP madrassa

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਬਹਿਰਾਈਲ ਜ਼ਿਲ੍ਹੇ ਦੇ ਇਕ ਮਦਰੱਸੇ ਦਾ ਅਚਨਚੇਤ ਜਾਂਚ ਕਰਨ ’ਤੇ ਉੱਥੇ ਸਿੱਖਿਆ ਦੀ ਮਾੜੀ ਹਾਲਤ ਦਾ ਪ੍ਰਗਟਾਵਾ ਹੋਇਆ ਹੈ ਅਤੇ ਅਧਿਕਾਰੀਆਂ ਨੇ ਕਿਹਾ ਕਿ ਇਸ ਦੇ 10ਵੀਂ ਜਮਾਤ ਦਾ ਕੋਈ ਵੀ ਵਿਦਿਆਰਥੀ ਅੰਗਰੇਜ਼ੀ ’ਚ ਅਪਣਾ ਨਾਮ ਨਹੀਂ ਲਿਖ ਸਕਦਾ।

ਚਿੰਤਤ ਅਧਿਕਾਰੀਆਂ ਨੇ ਮਦਰੱਸੇ ਨੂੰ ਚੇਤਾਵਨੀ ਅਤੇ ਨੋਟਿਸ ਜਾਰੀ ਕੀਤਾ ਅਤੇ ਮਦਰੱਸੇ ਨੂੰ ਅਰਬੀ ਅਤੇ ਫ਼ਾਰਸੀ ਤੋਂ ਇਲਾਵਾ ਹੋਰ ਵਿਸ਼ਿਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਮਦਰੱਸੇ ਦੇ ਅਧਿਆਪਕ ਕਾਰੀ ਇਰਫਾਨ ਨੇ ਕਿਹਾ ਕਿ ਹੁਣ ਤਕ 15 ਵਿਦਿਆਰਥੀਆਂ ਨੇ 10ਵੀਂ ਜਮਾਤ ਵਿਚ ਦਾਖਲਾ ਲਿਆ ਹੈ ਅਤੇ ਉਨ੍ਹਾਂ ਵਿਚੋਂ 10 ਸੋਮਵਾਰ ਦੇ ਅਚਨਚੇਤ ਨਿਰੀਖਣ ਦੌਰਾਨ ਮੌਜੂਦ ਸਨ।

ਮਦਰੱਸੇ ਦੇ ਕਾਰਜਕਾਰੀ ਪ੍ਰਿੰਸੀਪਲ ਮੌਲਾਨਾ ਸ਼ਮਸੁਦੀਨ ਨੇ ਕਿਹਾ, ‘‘ਜਿਨ੍ਹਾਂ ਵਿਦਿਆਰਥੀਆਂ ਨੂੰ ਅੰਗਰੇਜ਼ੀ ’ਚ ਲਿਖਣ ਲਈ ਕਿਹਾ ਗਿਆ ਉਹ ਇਸ ਮਦਰੱਸੇ ’ਚ ਨਵੇਂ ਹਨ। ਉਹ ਅੰਗਰੇਜ਼ੀ ’ਚ ਕਮਜ਼ੋਰ ਹਨ ਅਤੇ ਨਿਰੀਖਣ ਕਰਨ ਵਾਲੇ ਅਧਿਕਾਰੀਆਂ ਦੀ ਸੰਤੁਸ਼ਟੀ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਦੇ। ਅਸੀਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਲਈ ਵੱਖ-ਵੱਖ ਜਮਾਤਾਂ ਲਗਾਵਾਂਗੇ।’’

ਜ਼ਿਲ੍ਹਾ ਘੱਟ ਗਿਣਤੀ ਭਲਾਈ ਅਧਿਕਾਰੀ ਸੰਜੇ ਮਿਸ਼ਰਾ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਬਡੀ ਟਾਕੀਆ ਇਲਾਕੇ ਦੇ ਮਾਨਤਾ ਪ੍ਰਾਪਤ ਮਦਰੱਸੇ ਜਾਮੀਆ ਗਾਜ਼ੀਆ ਸਯਾਦੁਲ ਉਲੂਮ ਦਾ ਅਚਨਚੇਤ ਨਿਰੀਖਣ ਕੀਤਾ ਗਿਆ।

ਮਿਸ਼ਰਾ ਨੇ ਕਿਹਾ ਕਿ ਇਕ ਅਧਿਆਪਕ ਗੈਰਹਾਜ਼ਰ ਪਾਇਆ ਗਿਆ, ਹਾਲਾਂਕਿ ਇਹ ਹਾਜ਼ਰੀ ਰਜਿਸਟਰ ਵਿਚ ਦਰਜ ਨਹੀਂ ਸੀ ਅਤੇ ਇਹ ਵੀ ਨੋਟ ਕੀਤਾ ਕਿ ਮੁਨਸ਼ੀ ਮੌਲਵੀ ਅਤੇ ਅਲੀਮ ਜਮਾਤਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਰਜਿਸਟਰਡ ਗਿਣਤੀ ਦੇ ਮੁਕਾਬਲੇ ਕਾਫ਼ੀ ਘੱਟ ਸੀ।

ਅਧਿਕਾਰੀਆਂ ਨੇ ਮਦਰੱਸੇ ਨੂੰ ਚਿਤਾਵਨੀ ਦਿਤੀ ਹੈ ਕਿ ਜੇ ਸਿੱਖਿਆ ਦੀ ਗੁਣਵੱਤਾ ਨੂੰ ਸੁਧਾਰਨ ਲਈ ਤੁਰਤ ਕਦਮ ਨਾ ਚੁਕੇ ਗਏ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਮਦਰੱਸਾ ਪ੍ਰਬੰਧਨ ਅਤੇ ਗੈਰ ਹਾਜ਼ਰ ਅਧਿਆਪਕ ਨੂੰ ਨੋਟਿਸ ਭੇਜੇ ਗਏ ਹਨ।

ਬਹਿਰਾਈਚ ਜ਼ਿਲ੍ਹੇ ’ਚ 301 ਮਾਨਤਾ ਪ੍ਰਾਪਤ ਮਦਰੱਸੇ ਹਨ। ਅਧਿਕਾਰੀਆਂ ਅਨੁਸਾਰ ਇਸ ਤੋਂ ਇਲਾਵਾ ਹਾਲ ਹੀ ’ਚ ਕੀਤੇ ਗਏ ਇਕ ਸਰਵੇਖਣ ’ਚ ਜ਼ਿਲ੍ਹੇ ’ਚ 495 ਗੈਰ-ਮਾਨਤਾ ਪ੍ਰਾਪਤ ਮਦਰੱਸਿਆਂ ਦੀ ਪਛਾਣ ਕੀਤੀ ਗਈ ਹੈ।