ਮੁਕੇਰੀਆਂ ’ਚ ਬੀਮਾ ਕੰਪਨੀ ਦੀ ਇਮਾਰਤ ਅੰਦਰ ਲੱਗੀ ਅੱਗ   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਫ਼ਤਰ ਦਾ ਸਾਰਾ ਰਿਕਾਰਡ ਅਤੇ ਹੋਰ ਕੀਮਤੀ ਸਮਾਨ ਸੜ੍ਹ ਕੇ ਹੋਇਆ ਸੁਆਹ

File Photo

ਮੁਕੇਰੀਆਂ, 27 ਮਈ (ਹਰਦੀਪ ਸਿੰਘ ਭੰਮਰਾ): ਅੱਜ ਸਵੇਰੇ ਕਰੀਬ 3:30 ਵਜੇ ਸਥਾਨਕ ਸਿਵਲ ਹਸਪਤਾਲ ਚੌਂਕ ਸਾਹਮਣੇ ਸਥਿਤ ਮਾਰਕੀਟ ਵਿਚ ਸਥਿਤ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮੀਟਡ ਦੀ ਇਮਾਰਤ ਵਿਚ ਅਚਾਨਕ ਅੱਗ ਲੱਗ ਜਾਣ ਕਾਰਨ ਰਿਕਾਰਡ ਸਮੇਤ ਲੱਖਾਂ ਦਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ। ਕਿਲ੍ਹਾ ਅਟੱਲਗੜ੍ਹ ਮਾਰਗ ਉੱਤੇ ਸਥਿਤ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮੀਟਡ ਦਾ ਸ਼ਾਖਾ ਦਫ਼ਤਰ ਪੰਜਾਬ ਐਂਡ ਸਿੰਧ ਬੈਂਕ ਦੀ ਇਮਾਰਤ ਦੀ ਉੱਪਰਲੀ ਮੰਜ਼ਿਲ ਵਿਚ ਬਣਿਆ ਹੋਇਆ ਹੈ। 

ਚਸ਼ਮਦੀਦਾਂ ਅਨੁਸਾਰ ਅੱਗ ਲੱਗਣ ਦਾ ਪਤਾ ਸਵੇਰੇ ਕਰੀਬ ਸਾਢੇ ਤਿੰਨ ਵਜੇ ਲੱਗਾ ਜਿਸ ਉਪਰੰਤ ਕੰਪਨੀ ਦੇ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਗਿਆ। ਗੱਲਬਾਤ ਕਰਦੇ ਹੋਏ ਨਾਇਬ ਤਹਿਸੀਲਦਾਰ ਮੁਕੇਰੀਆਂ ਅਵਿਨਾਸ਼ ਚੰਦਰ ਨੇ ਦਸਿਆ ਕਿ ਸੂਚਨਾ ਮਿਲਦੇ ਹੀ ਉਹ ਘਟਨਾ ਵਾਲੀ ਥਾਂ ਉੱਤੇ ਪੁੱਜੇ ਗਏ ਸਨ। ਉਨ੍ਹਾਂ ਦਸਿਆ ਕਿ ਅੱਗ ਇੰਨੀ ਭਿਆਨਕ ਤਰੀਕੇ ਨਾਲ ਲੱਗੀ ਹੋਈ ਸੀ ਕਿ ਇਸ ਵਿਚ ਦਫ਼ਤਰ ਦਾ ਸਾਰਾ ਰਿਕਾਰਡ ਅਤੇ ਹੋਰ ਕੀਮਤੀ ਸਾਜੋ-ਸਮਾਨ ਸੜ੍ਹ ਕੇ ਸੁਆਹ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਗਜਨੀ ਕਾਰਨ ਹੋਏ ਨੁਕਸਾਨ ਬਾਰੇ ਅਜੇ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜਦਕਿ ਅੱਗ ਲੱਗਣ ਦੇ ਕਾਰਨਾਂ ਦਾ ਭੇਦ ਬਰਕਰਾਰ ਹੈ। 

ਸ਼ਾਖਾ ਪ੍ਰਬੰਧਕ ਸੋਮ ਰਾਜ ਨੇ ਦਸਿਆ ਕਿ ਉਨ੍ਹਾਂ ਨੂੰ ਮੁਕੇਰੀਆਂ ਵਿਖੇ ਰਹਿੰਦੇ ਸ਼ਾਖਾ ਦੇ ਸਹਾਇਕ ਪ੍ਰਬੰਧਕ ਰਮੇਸ਼ ਕੁਮਾਰ ਨੇ ਅੱਗ ਲੱਗਣ ਬਾਰੇ ਸੂਚਨਾ ਦਿਤੀ ਸੀ ਜਿਸ ਉਪਰੰਤ ਉਹ ਪਠਾਨਕੋਟ ਤੋਂ ਸੀਨੀਅਰ ਅਧਿਕਾਰੀ ਸਹਿਤ ਮੁਕੇਰੀਆਂ ਸ਼ਾਖਾ ਵਿਖੇ ਪੁੱਜੇ। ਉਨ੍ਹਾਂ ਦਸਿਆ ਕਿ ਅੱਗ ਵਿਚ ਸ਼ਾਖਾ ਦੇ ਹੋਰ ਸਮਾਨ ਤੋਂ ਇਲਾਵਾ ਰਿਕਾਰਡ ਰੂਮ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਵੀ ਅੱਗ ਲੱਗਣ ਦੀ ਘਟਨਾ ਵਾਪਰ ਚੁੱਕੀ ਹੈ ਪਰ ਉਸ ਸਮੇਂ-ਸਮਾਂ ਰਹਿੰਦਿਆਂ ਅੱਗ ਉਤੇ ਕਾਬੂ ਪਾਉਣ ਕਰ ਕੇ ਵੱਡਾ ਨੁਕਸਾਨ ਹੋਣੋ ਬਚ ਗਿਆ ਸੀ। ਉਨ੍ਹਾਂ ਕਿਹਾ ਕਿ ਡੇਢ ਮਹੀਨੇ ਵਿਚ ਅੱਗ ਲੱਗਣ ਦੀ ਦੂਜੀ ਘਟਨਾ ਵਾਪਰਨਾ ਮਾਮਲੇ ਨੂੰ ਸ਼ੱਕੀ ਬਣਾ ਰਿਹਾ ਹੈ। 

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਰਵਿੰਦਰ ਸਿੰਘ ਡੀ. ਐਸ. ਪੀ. ਮੁਕੇਰੀਆਂ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਐਸ.ਐਚ.ਓ. ਬਲਵਿੰਦਰ ਸਿੰਘ ਤੇ ਪੁਲਿਸ ਪਾਰਟੀ ਨੇ ਦਸੂਹਾ ਅਤੇ ਤਲਵਾੜਾ ਵਿਖੇ ਸਥਿਤ ਫ਼ਾਇਰ ਸਟੇਸ਼ਨਾਂ ਨੂੰ ਇਤਲਾਹ ਦਿਤੀ, ਜਿੱਥੋਂ ਪੁੱਜੇ ਫ਼ਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਦੀ ਸਹਾਇਤਾ ਨਾਲ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਉੱਥੇ ਹੀ ਪੁਲਿਸ ਪ੍ਰਸ਼ਾਸਨ ਵਲੋਂ ਵੀ ਪੂਰਾ ਸਹਿਯੋਗ ਦਿਤਾ ਗਿਆ ਪਰ ਜਦੋਂ ਤਕ ਪੂਰੀ ਤਰ੍ਹਾਂ ਅੱਗ ਬੁਝਾਈ ਗਈ ਬੀਮਾ ਕੰਪਨੀ ਦਾ ਸਾਰਾ ਸਮਾਨ ਅਤੇ ਰਿਕਾਰਡ ਸੜ੍ਹ ਕੇ ਸੁਆਹ ਹੋ ਚੁੱਕਾ ਸੀ।