ਫ਼ੌਜ ਦੇ ਸਿਖਰਲੇ ਕਮਾਂਡਰਾਂ ਨੇ ਦੇਸ਼ ਦੀਆਂ ਸੁਰੱਖਿਆ ਚੁਨੌਤੀਆਂ 'ਤੇ ਵਿਚਾਰ-ਵਟਾਂਦਰਾ ਸ਼ੁਰੂ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਵਲੋਂ ਅਪਣੀਆਂ ਫ਼ੌਜਾਂ ਨੂੰ ਭਾਰਤ-ਚੀਨ ਸਰਹੱਦ 'ਤੇ ਤਿਆਰ-ਬਰ-ਤਿਆਰ ਰਹਿਣ ਲਈ ਕਹਿਣ ਮਗਰੋਂ

File Photo

ਨਵੀਂ ਦਿੱਲੀ : ਭਾਰਤੀ ਫ਼ੌਜ ਦੇ ਸਿਖਰਲੇ ਕਮਾਂਡਰਾਂ ਨੇ ਪੂਰਬੀ ਲੱਦਾਖ ਦੇ ਕਈ ਇਲਾਕਿਆਂ 'ਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਕਾਰ ਤਣਾਅਪੂਰਨ ਰੇੜਕੇ ਸਮੇਤ ਦੇਸ਼ ਦੀ ਭਾਰਤ ਦੀਆਂ ਪ੍ਰਮੁੱਖ ਸੁਰੱਖਿਆ ਚੁਨੌਤੀਆਂ 'ਤੇ ਬੁਧਵਾਰ ਨੂੰ ਵਿਚਾਰ-ਵਟਾਂਦਰਾ ਸ਼ੁਰੂ ਕੀਤਾ। ਥਲ ਸੈਨਾ ਦੇ ਮੁਖੀ ਜਨਰਲ ਐਮ.ਐਮ. ਨਰਵਣੇ ਤਿੰਨ ਦਿਨਾਂ ਦੇ ਸੰਮੇਲਨ ਦੀ ਪ੍ਰਧਾਨਗੀ ਕਰ ਰਹੇ ਹਨ। ਉਮੀਦ ਹੈ ਕਿ ਕਮਾਂਡਰ ਜੰਮੂ-ਕਸ਼ਮੀਰ ਦੀ ਕੁਲ ਮਿਲਾ ਕੇ ਸਥਿਤੀ 'ਤੇ ਵੀ ਵਿਚਾਰ ਕਰਨਗੇ।

ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਹਾਲਾਂਕਿ, ਮੁੱਖ ਜ਼ੋਰ ਪੂਰਬੀ ਲੱਦਾਖ ਦੀ ਸਥਿਤੀ 'ਤੇ ਹੋਵੇਗਾ ਜਿੱਥੇ ਭਾਰਤੀ ਅਤੇ ਚੀਨੀ ਫ਼ੌਜੀ ਪੇਂਗੋਂਗ ਤਸੋ, ਗਲਵਾਨ ਘਾਟੀ, ਡੇਮਚੋਕ ਅਤੇ ਦੌਲਤ ਬੇਗ ਓਲਡੀ ਵਰਗੇ ਸੰਵੇਦਨਸ਼ੀਲ ਇਲਾਕਿਆਂ 'ਚ ਆਹਮੋ-ਸਾਹਮਣੇ ਹੋਣਗੇ। ਨਾਮ ਨਾ ਉਜਾਗਰ ਕਰਨ ਦੀ ਸ਼ਰਤ 'ਤੇ ਇਕ ਸੀਨੀਅਰ ਫ਼ੌਜੀ ਅਧਿਕਾਰੀ ਨੇ ਕਿਹਾ, ''ਪਾਕਿਸਤਾਨ ਅਤੇ ਚੀਨ ਨਾਲ ਸਰਹੱਦਾਂ ਸਮੇਤ ਭਾਰਤੀ ਦੀ ਸੁਰੱਖਿਆ ਚੁਨੌਤੀਆਂ ਦੇ ਸਾਰੇ ਪਹਿਲੂਆਂ 'ਤੇ ਕਮਾਂਡਰਾਂ ਵਲੋਂ ਲੰਮੀ ਚਰਚਾ ਕੀਤੀ ਜਾਵੇਗੀ।''

ਭਾਰਤ ਅਤੇ ਚੀਨ ਦੋਹਾਂ ਨੇ ਇਸ ਖੇਤਰ 'ਤੇ ਸਾਰੇ ਸੰਵੇਦਨਸ਼ੀਲ ਇਲਾਕਿਆਂ 'ਚ ਅਪਣੀ ਹਾਜ਼ਰੀ ਕਾਫ਼ੀ ਵਧਾ ਦਿਤੀ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਕੋਈ ਵੀ ਧਿਰ ਪਿੱਛੇ ਹਟਣ ਨੂੰ ਤਿਆਰ ਨਹੀਂ। ਪੂਰਬੀ ਲੱਦਾਖ 'ਚ ਸਥਿਤੀ ਉਦੋਂ ਵਿਗੜੀ ਜਦੋਂ ਲਗਭਗ 250 ਚੀਨੀ ਅਤੇ ਭਾਰਤੀ ਫ਼ੌਜੀਆਂ ਵਿਚਕਾਰ ਪੰਜ ਮਈ ਨੂੰ ਹਿੰਸਕ ਝੜਪਾਂ ਹੋਈਆਂ। ਸਥਾਨਕ ਕਮਾਂਡਰਾਂ ਦੇ ਪੱਧਰ 'ਤੇ ਬੈਠਕ ਮਗਰੋਂ ਦੋਵੇਂ ਧਿਰਾਂ ਵੱਖ ਹੋਈਆਂ। ਇਸ ਤੋਂ ਬਾਅਦ 9 ਮਈ ਨੂੰ ਉੱਤਰੀ ਸਿੱਕਿਮ 'ਚ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਸੀ।

ਕਮਾਂਡਰਾਂ ਦਾ ਸੰਮੇਲਨ ਪਹਿਲਾਂ 13-18 ਅਪ੍ਰੈਲ ਨੂੰ ਹੋਣ ਵਾਲਾ ਸੀ। ਪਰ ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਇਸ ਨੂੰ ਮੁਲਤਵੀ ਕਰ ਦਿਤਾ ਗਿਆ ਸੀ। ਸੰਮੇਲਨ ਦਾ ਦੂਜਾ ਗੇੜ ਜੂਨ ਦੇ ਆਖ਼ਰੀ ਹਫ਼ਤੇ 'ਚ ਹੋਵੇਗਾ। ਪੂਰੀ ਲੱਦਾਖ 'ਚ ਰੇੜਕੇ 'ਤੇ ਭਾਰਤ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਸ ਨੇ ਹਮੇਸ਼ਾ ਸਰਹੱਦੀ ਪ੍ਰਬੰਧਨ ਪ੍ਰਤੀ ਜ਼ਿੰਮੇਵਾਰੀ ਭਰਿਆ ਰੁਖ਼ ਅਪਣਾਇਆ ਹੈ ਪਰ ਚੀਨੀ ਫ਼ੌਜ ਉਸ ਦੇ ਫ਼ੌਜੀਆਂ 'ਤੇ ਆਮ ਗਸ਼ਤ ਦੌਰਾਨ ਰੇੜਕਾ ਪਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਭਾਰਤ ਅਤੇ ਚੀਨ ਦੋਵੇਂ ਗੱਲਬਾਤ ਜ਼ਰੀਏ ਇਸ ਮੁੱਦੇ ਦਾ ਹੱਲ ਲੱਭ ਰਹੇ ਹਨ।