1 ਸਾਲ ਵਿਚ ਦੁਗਣੇ ਹੋਏ 500 ਰੁਪਏ ਦੇ ਨਕਲੀ ਨੋਟ, 2000 ਰੁਪਏ ਦੇ ਨਕਲੀ ਨੋਟ 54.16% ਵਧੇ
50 ਅਤੇ 100 ਰੁਪਏ ਦੇ ਨਕਲੀ ਨੋਟ ਘਟੇ
ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਨੁਸਾਰ ਵਿੱਤੀ ਸਾਲ 2021-22 ਵਿਚ ਨਕਲੀ ਨੋਟਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਆਰਬੀਆਈ ਮੁਤਾਬਕ 500 ਰੁਪਏ ਦੇ ਨਕਲੀ ਨੋਟ ਇੱਕ ਸਾਲ ਵਿਚ ਦੁੱਗਣੇ ਹੋ ਗਏ ਹਨ। ਪਿਛਲੇ ਸਾਲ ਦੇ ਮੁਕਾਬਲੇ ਕੇਂਦਰੀ ਬੈਂਕ ਨੇ 500 ਰੁਪਏ ਦੇ 101.9% ਜ਼ਿਆਦਾ ਨੋਟ ਅਤੇ 2,000 ਰੁਪਏ ਦੇ 54.16% ਜ਼ਿਆਦਾ ਨੋਟ ਫੜੇ ਹਨ। ਨਕਲੀ ਨੋਟਾਂ ਦੀ ਵਧਦੀ ਗਿਣਤੀ ਪ੍ਰੇਸ਼ਾਨ ਕਰਨ ਵਾਲੀ ਹੈ।
ਆਰਬੀਆਈ ਨੇ ਕਿਹਾ ਕਿ 31 ਮਾਰਚ 2022 ਤੱਕ ਬੈਂਕ ਵਿਚ ਜਮ੍ਹਾ 500 ਅਤੇ 2000 ਰੁਪਏ ਦੇ ਨੋਟਾਂ ਵਿਚੋਂ 87.1% ਨਕਲੀ ਨੋਟ ਸਨ। ਇਹ ਅੰਕੜਾ 31 ਮਾਰਚ 2021 ਤੱਕ 85.7% ਸੀ। ਬੈਂਕ ਨੇ ਕਿਹਾ ਕਿ ਇਹ 31 ਮਾਰਚ, 2022 ਤੱਕ ਚੱਲ ਰਹੇ ਕੁੱਲ ਨੋਟਾਂ ਦਾ 21.3% ਸੀ। ਜੇਕਰ ਅਸੀਂ ਦੂਜੇ ਨੋਟਾਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ 10 ਰੁਪਏ ਦੇ ਨਕਲੀ ਨੋਟਾਂ ਵਿਚ 16.4% ਅਤੇ 20 ਰੁਪਏ ਦੇ ਨੋਟਾਂ ਵਿਚ 16.5% ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ 200 ਰੁਪਏ ਦੇ ਨਕਲੀ ਨੋਟਾਂ 'ਚ 11.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਚੰਗੀ ਗੱਲ ਇਹ ਹੈ ਕਿ ਪਿਛਲੇ ਸਾਲ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਸ ਵਿੱਤੀ ਸਾਲ 'ਚ 50 ਰੁਪਏ ਦੇ ਨਕਲੀ ਨੋਟਾਂ 'ਚ 28.7 ਫੀਸਦੀ ਅਤੇ 100 ਰੁਪਏ ਦੇ ਨਕਲੀ ਨੋਟਾਂ 'ਚ 16.7 ਫੀਸਦੀ ਦੀ ਕਮੀ ਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਰਾਤ 8 ਵਜੇ ਟੀਵੀ 'ਤੇ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ 500 ਦਾ ਨੋਟ ਨਵੇਂ ਫਾਰਮੈਟ ਵਿਚ ਆਇਆ। 2000 ਦਾ ਨੋਟ ਨੋਟਬੰਦੀ ਤੋਂ ਬਾਅਦ ਹੀ ਹੋਂਦ ਵਿੱਚ ਆਇਆ ਸੀ।
ਸਰਕਾਰ ਵੱਲੋਂ ਨੋਟਬੰਦੀ ਦਾ ਕਾਰਨ ਨਕਲੀ ਨੋਟਾਂ 'ਤੇ ਸ਼ਿਕੰਜਾ ਕੱਸਣਾ ਦੱਸਿਆ ਗਿਆ ਸੀ। ਅਜਿਹੇ 'ਚ ਇਕ ਵਾਰ ਫਿਰ ਨਵੇਂ ਨੋਟਾਂ ਦੀ ਜਾਅਲੀ ਕਰੰਸੀ ਦਾ ਆਉਣਾ ਵੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ।