ਰਾਜਸਥਾਨ ’ਚ ਗਰਮੀ ਨੇ ਤੋੜਿਆ ਰੀਕਾਰਡ, ਚੁਰੂ ’ਚ ਪਾਰਾ 50.5 ਡਿਗਰੀ ਸੈਲਸੀਅਸ ਤੋਂ ਪਾਰ
ਪਿਲਾਨੀ ’ਚ ਵੱਧ ਤੋਂ ਵੱਧ ਤਾਪਮਾਨ 49.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ ਹੈ
ਜੈਪੁਰ: ਰਾਜਸਥਾਨ ਦੇ ਚੁਰੂ ’ਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 50.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 7.5 ਡਿਗਰੀ ਸੈਲਸੀਅਸ ਵੱਧ ਹੈ। ਜੈਪੁਰ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਸੂਬੇ ਦੇ ਜ਼ਿਆਦਾਤਰ ਹਿੱਸੇ ਭਿਆਨਕ ਲੂ ਦੀ ਲਪੇਟ ’ਚ ਹਨ।
ਚੁਰੂ ’ਚ ਵੱਧ ਤੋਂ ਵੱਧ ਤਾਪਮਾਨ 50.5 ਡਿਗਰੀ ਸੈਲਸੀਅਸ, ਗੰਗਾਨਗਰ ’ਚ 49.4 ਡਿਗਰੀ ਸੈਲਸੀਅਸ, ਫਲੋਦੀ ’ਚ 49.0 ਡਿਗਰੀ ਸੈਲਸੀਅਸ, ਬੀਕਾਨੇਰ ’ਚ 48.3 ਡਿਗਰੀ ਸੈਲਸੀਅਸ, ਕੋਟਾ ’ਚ 48.2 ਡਿਗਰੀ ਸੈਲਸੀਅਸ, ਜੈਸਲਮੇਰ ’ਚ 48.0 ਡਿਗਰੀ ਸੈਲਸੀਅਸ, ਜੈਪੁਰ ’ਚ 46.6 ਡਿਗਰੀ ਸੈਲਸੀਅਸ ਅਤੇ ਬਾੜਮੇਰ ’ਚ 46.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੰਗਲਵਾਰ ਨੂੰ ਪਿਲਾਨੀ ’ਚ ਵੱਧ ਤੋਂ ਵੱਧ ਤਾਪਮਾਨ 49.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ ਹੈ। ਇਹ ਆਮ ਨਾਲੋਂ 7.5 ਡਿਗਰੀ ਸੈਲਸੀਅਸ ਵੱਧ ਹੈ। ਪਿਛਲੀ ਵਾਰ ਪਿਲਾਨੀ ’ਚ 1999 ’ਚ ਵੱਧ ਤੋਂ ਵੱਧ ਤਾਪਮਾਨ 48.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਇਸੇ ਤਰ੍ਹਾਂ ਚੁਰੂ ’ਚ ਜੂਨ 2019 ’ਚ ਵੱਧ ਤੋਂ ਵੱਧ ਤਾਪਮਾਨ 50.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਕੋਟਾ ’ਚ ਘੱਟੋ-ਘੱਟ ਤਾਪਮਾਨ 35.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.6 ਡਿਗਰੀ ਵੱਧ ਹੈ।
ਸੂਬਾ ਲਗਭਗ ਇਕ ਹਫ਼ਤੇ ਤੋਂ ਭਿਆਨਕ ਗਰਮੀ ਦੀ ਸਥਿਤੀ ਨਾਲ ਜੂਝ ਰਿਹਾ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ 48 ਘੰਟਿਆਂ ’ਚ ਵੱਧ ਤੋਂ ਵੱਧ ਤਾਪਮਾਨ ’ਚ ਦੋ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਰਾਜ ਦੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲ ਸਕਦੀ ਹੈ।
ਕੇਂਦਰ ਨੇ ਕਿਹਾ ਕਿ 31 ਮਈ ਤੋਂ ਤਾਜ਼ਾ ਪਛਮੀ ਗੜਬੜੀ ਦੇ ਪ੍ਰਭਾਵ ਨਾਲ ਰਾਜ ਦੇ ਉੱਤਰੀ ਹਿੱਸਿਆਂ ’ਚ ਵੱਖ-ਵੱਖ ਥਾਵਾਂ ’ਤੇ ਤੂਫਾਨ ਅਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਹ ਗਤੀਵਿਧੀਆਂ 1 ਅਤੇ 2 ਜੂਨ ਨੂੰ ਜਾਰੀ ਰਹਿਣਗੀਆਂ।