ਲੋਕ ਸਭਾ ਚੋਣਾਂ ਦੇ ਛੇਵੇਂ ਪੜ੍ਹਾਅ ’ਚ ’ਚ 63.37 ਫੀ ਸਦੀ ਵੋਟਿੰਗ ਹੋਈ
ਚੋਣ ਕਮਿਸ਼ਨ ਨੇ ਜਾਰੀ ਕੀਤੇ ਛੇਵੇਂ ਪੜਾਅ ਦੀ ਵੋਟਿੰਗ ਦੇ ਅੰਕੜੇ, 7 ਕਰੋੜ ਤੋਂ ਵੱਧ ਵੋਟਰਾਂ ਨੇ ਪਾਈ ਵੋਟ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ 8 ਸੂਬਿਆਂ ਦੀਆਂ 58 ਸੀਟਾਂ ’ਤੇ 63.37 ਫੀ ਸਦੀ ਵੋਟਿੰਗ ਹੋਈ। ਕੁਲ 7 ਪੜਾਵਾਂ ’ਚ ਹੋ ਰਹੇ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ 25 ਮਈ ਨੂੰ 11.13 ਕਰੋੜ ਯੋਗ ਵੋਟਰਾਂ ’ਚੋਂ 7.05 ਕਰੋੜ ਵੋਟਰਾਂ ਨੇ ਵੋਟ ਪਾਈ। ਹੁਣ ਤਕ ਹੋਈਆਂ ਛੇ ਪੜਾਵਾਂ ਦੀਆਂ ਚੋਣਾਂ ’ਚ 87.54 ਕਰੋੜ ਵੋਟਰਾਂ ’ਚੋਂ ਲਗਭਗ 57.77 ਕਰੋੜ ਵੋਟਰਾਂ ਨੇ ਅਪਣੀ ਵੋਟ ਪਾਈ ਹੈ। ਭਾਰਤ ’ਚ ਦੁਨੀਆਂ ’ਚ ਸੱਭ ਤੋਂ ਵੱਧ 96.88 ਕਰੋੜ ਵੋਟਰ ਹਨ।
ਲੋਕ ਸਭਾ ਚੋਣਾਂ ਦੇ ਹੁਣ ਤਕ ਦੇ ਛੇ ਪੜਾਵਾਂ ਵਿਚੋਂ ਚੌਥੇ ਪੜਾਅ ਵਿਚ ਸੱਭ ਤੋਂ ਵੱਧ ਵੋਟਿੰਗ ਹੋਈ, ਜਦਕਿ ਪੰਜਵੇਂ ਪੜਾਅ ਵਿਚ ਸੱਭ ਤੋਂ ਘੱਟ ਵੋਟਿੰਗ ਹੋਈ। ਚੋਣ ਕਮਿਸ਼ਨ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਛੇਵੇਂ ਪੜਾਅ ’ਚ 63.37 ਫੀ ਸਦੀ ਵੋਟਿੰਗ ਹੋਈ। ਇਸ ਤੋਂ ਪਹਿਲਾਂ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਮੁਤਾਬਕ ਚੌਥੇ ਪੜਾਅ ’ਚ 69.16 ਫੀ ਸਦੀ ਵੋਟਿੰਗ ਹੋਈ, ਜੋ ਹੁਣ ਤਕ ਹੋਈਆਂ 6 ਪੜਾਵਾਂ ’ਚ ਹੋਈਆਂ ਚੋਣਾਂ ’ਚ ਸੱਭ ਤੋਂ ਵੱਧ ਹੈ।
ਪਿਛਲੀਆਂ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ ਸੱਤ ਸੂਬਿਆਂ ਦੀਆਂ 59 ਸੀਟਾਂ ’ਤੇ 64.4 ਫੀ ਸਦੀ ਵੋਟਿੰਗ ਹੋਈ ਸੀ। ਚੋਣ ਕਮਿਸ਼ਨ ਮੁਤਾਬਕ 20 ਮਈ ਨੂੰ ਪੰਜਵੇਂ ਪੜਾਅ ਦੀ ਵੋਟਿੰਗ ’ਚ 62.2 ਫੀ ਸਦੀ ਵੋਟਿੰਗ ਹੋਈ ਸੀ।
ਚੌਥੇ ਪੜਾਅ ’ਚ 69.16 ਫੀ ਸਦੀ ਵੋਟਿੰਗ ਹੋਈ, ਜੋ 2019 ਦੀਆਂ ਚੋਣਾਂ ਦੇ ਚੌਥੇ ਪੜਾਅ ’ਚ ਹੋਈ ਵੋਟਿੰਗ ਨਾਲੋਂ 3.65 ਫੀ ਸਦੀ ਜ਼ਿਆਦਾ ਹੈ। ਤੀਜੇ ਪੜਾਅ ’ਚ 65.68 ਫੀ ਸਦੀ ਵੋਟਿੰਗ ਹੋਈ ਸੀ, ਜਦਕਿ 2019 ਦੀਆਂ ਚੋਣਾਂ ’ਚ ਤੀਜੇ ਪੜਾਅ ’ਚ 68.4 ਫੀ ਸਦੀ ਵੋਟਿੰਗ ਹੋਈ ਸੀ।
ਮੌਜੂਦਾ ਚੋਣਾਂ ਦੇ ਦੂਜੇ ਪੜਾਅ ’ਚ 66.71 ਫੀ ਸਦੀ ਵੋਟਿੰਗ ਹੋਈ ਸੀ, ਜਦਕਿ 2019 ’ਚ ਦੂਜੇ ਪੜਾਅ ’ਚ 69.71 ਫੀ ਸਦੀ ਵੋਟਿੰਗ ਹੋਈ ਸੀ। ਪਹਿਲੇ ਪੜਾਅ ’ਚ 66.14 ਫੀ ਸਦੀ ਵੋਟਿੰਗ ਹੋਈ ਸੀ, ਜਦਕਿ 2019 ’ਚ ਪਹਿਲੇ ਪੜਾਅ ’ਚ 69.43 ਫੀ ਸਦੀ ਵੋਟਿੰਗ ਹੋਈ ਸੀ। ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖ਼ਰੀ ਪੜਾਅ ’ਚ ਅੱਠ ਸੂਬਿਆਂ ਦੀਆਂ 57 ਸੀਟਾਂ ’ਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।