ਪੀ.ਜੀ.ਟੀ. ਸਕੂਲੀ ਪੰਜਾਬੀ ਅਧਿਆਪਕਾਂ ਦੀ ਕਾਰਜਸ਼ਾਲਾ ਯਾਦਗਾਰੀ ਹੋ ਨਿਬੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਨੀਅਰ ਸੈਕੰਡਰੀ ਜਮਾਤਾਂ ਨੂੰ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਤਿੰਨ ਰੋਜ਼ਾ ਕਾਰਜਸ਼ਾਲਾ ਦੀ ਸਮਾਪਤੀ ਦੇ ਮੌਕੇ ਐਸ.ਸੀ.ਈ.ਆਰ.ਟੀ.......

Dr. Nahar Singh and Punjabi Teacher

ਨਵੀਂ ਦਿੱਲੀ : ਸੀਨੀਅਰ ਸੈਕੰਡਰੀ ਜਮਾਤਾਂ ਨੂੰ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਤਿੰਨ ਰੋਜ਼ਾ ਕਾਰਜਸ਼ਾਲਾ ਦੀ ਸਮਾਪਤੀ ਦੇ ਮੌਕੇ ਐਸ.ਸੀ.ਈ.ਆਰ.ਟੀ. ਦੇ ਜਾਇੰਟ ਡਾਇਰੈਕਟਰ ਡਾ. ਨਾਹਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦੇ ਹੋਏ ਕਾਰਜਸ਼ਾਲਾ ਵਿਚ ਸ਼ਾਮਲ ਪੰਜਾਬੀ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਆਪਣੀ ਭਾਸ਼ਾ ਅਤੇ ਵਿਰਾਸਤ ਨਾਲ ਜੋੜਨ ਲਈ ਅੱਗੇ ਆਉਣ। ਇਸ ਦੇ ਨਾਲ ਹੀ ਉ੍ਹਨਾਂ ਨੇ ਇਹ ਵੀ ਕਿਹਾ ਕਿ ਚੰਗੇ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਉਤਸ਼ਾਹ ਦੇਣ ਦਾ ਕਾਰਜ ਵੀ ਕਰਨਾ ਚਾਹੀਦਾ ਹੈ

ਤਾਂ ਕਿ ਬਾਕੀ ਅਧਿਆਪਕਾਂ ਨੂੰ ਇਸ ਗੱਲ ਦੀ ਪ੍ਰੇਰਨਾ ਮਿਲੀ। ਇਸ ਮੌਕੇ ਉਨ੍ਹਾਂ ਨੇ ਅਧਿਆਪਕਾਂ ਨਾਲ ਆਪਣੇ ਨਿਜੀ ਤਜ਼ਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਸਮਾਜ ਵਿੱਚ ਅਧਿਆਪਕ ਦਾ ਰੁਤਬਾ ਸਭ ਤੋਂ ਉੱਚਾ ਹੈ ਜੇਕਰ  ਕੋਈ ਅਧਿਆਪਕ ਆਪਣੇ ਅਧਿਆਪਨ ਨੂੰ ਈਮਾਨਦਾਰੀ ਨਾਲ ਨਿਭਾਉਂਦਾ ਹੈ। ਉਨ੍ਹਾਂ ਨੇ ਸੈਮੀਨਾਰ ਵਿੱਚ ਇਸਤਰੀ ਅਧਿਆਪਕਾਂ ਦੀ ਭਰਵੀਂ ਗਿਣਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਅੱਜ ਦੀ ਇਸਤਰੀਆਂ ਸਾਨੂੰ ਹਰ ਪਾਸੇ ਆਪਣੇ ਗੁਣਾਂ ਦੀ ਛਾਪ ਛੱਡਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

ਸੈਮੀਨਾਰ ਦੇ ਅੰਤਲੇ ਦਿਨ ਮੈਡਮ ਸ਼ਰਨਜੀਤ ਕੌਰ ਨੇ ਪੰਜਾਬੀ ਵਾਰਤਕ ਬਾਰੇ ਗੱਲ ਕਰਦੇ ਹੋਏ ਅਧਿਆਪਕਾਂ ਨੂੰ ਪੁਰਾਤਨ ਵਾਰਤਕ, ਮੱਧਕਾਲੀ ਵਾਰਤਕ ਅਤੇ ਆਧੁਨਿਕ ਵਾਰਤਕ ਬਾਰੇ ਦੱਸਦਿਆਂ ਪੰਜਾਬੀ ਪਾਠ ਪੁਸਤਕ ਨਾਲ ਸ਼ਾਂਝ ਪਾਈ। ਪੰਜਾਬੀ ਨਾਟਕ ਦੇ ਇਤਿਹਾਸ ਬਾਰੇ ਰੰਗਮੰਚ ਦੀ ਮਸ਼ਹੂਰ ਸ਼ਖਸ਼ੀਅਤ ਗੁਰਦੀਪ ਸਿਹਰਾ ਨੇ ਅਧਿਆਪਕਾਂ ਨੂੰ ਦੱਸਿਆ ਕਿ ਨਾਟਕਾਂ ਦੇ ਜੇਕਰ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਾਨੂੰ ਇਨ੍ਹਾਂ ਨਾਟਕਾਂ ਦਾ ਆਰੰਭ ਹੋਣ ਦਾ ਪਤਾ ਯੂਨਾਨੀ ਸੱਭਿਅਤਾ ਤੋਂ ਚੱਲਦਾ ਹੈ।ਅਧਿਆਪਕਾਂ ਨੂੰ ਆਪਣੀ ਜਮਾਤ ਵਿੱਚ ਵੱਧ ਤੋਂ ਵੱਧ ਨਾਟਕ ਖਿਡਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਇਸ ਤਰ੍ਹਾਂ ਨਾਲ ਬੱਚਿਆਂ ਦੀ ਪੰਜਾਬੀ ਭਾਸ਼ਾ ਨਾਲ ਸਾਂਝ ਹੋਰ ਮਜ਼ਬੂਤ ਹੁੰਦੀ ਹੈ। ਵਿਹਾਰਕ ਵਿਆਕਰਨ ਬਾਰੇ ਮੈਡਮ ਤੇਜਿੰਦਰ ਕੌਰ ਨੇ ਦੱਸਿਆ ਕਿ ਵਿਆਕਰਨ ਦਾ ਮੁੱਖ ਕਾਰਜ ਬੱਚਿਆਂ ਨੂੰ ਭਾਸ਼ਾ ਦਾ ਸ਼ੁੱਧ ਰੂਪ ਤੇ ਬਣਤਰ ਸਿਖਾਉਣਾ ਹੈ। ਸਾਬਕਾ ਲੈਕਚਰਾਰ ਤੀਰਥ ਸਿੰਘ ਨੇ ਅਧਿਆਪਕਾਂ ਨੂੰ ਨਿੱਕੀ ਕਹਾਣੀ ਦੀ ਜੁਗਤਾਂ ਬਾਰੇ ਸਾਂਝ ਪਾਈ।

ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਡਾ. ਸੁਰਿੰਦਰ ਨੇ ਸੂਫ਼ੀ ਕਾਵਿ ਬਾਰੇ ਚਾਨਣਾ ਪਾਉਂਦੇ ਹੋਏ ਬੱਚਿਆਂ ਸੂਫੀਮੱਤ ਦੇ ਗੁਣਾਂ ਤੋਂ ਜਾਣੂ ਕਰਾਇਆ। ਸਕੂਲ ਦੀ ਪ੍ਰਿੰਸੀਪਲ ਮੈਡਮ ਨੀਲਮ ਸਰਦਾਨਾ ਨੇ ਨਿਜੀ ਤੌਰ 'ਤੇ ਹਾਜ਼ਰੀਆਂ ਭਰਦੇ ਹੋਏ ਪੰਜਾਬੀ ਅਧਿਆਪਕਾਂ ਨੂੰ ਹੱਲਾਸ਼ੇਰੀ ਦਿੱਤੀ। ਪ੍ਰੋਗਰਾਮ ਦੇ ਅੰਤ ਵਿੱਚ ਅਧਿਆਪਕਾਂ ਨੂੰ ਸਰਟੀਫਿਕੇਟ ਅਤੇ ਲਿਖਤੀ ਸਮੱਗਰੀ ਦਿੱਤੀ ਗਈ।