ਨਹੀਂ ਮਿਲੀ ਐਂਬੂਲੈਂਸ ; ਮੋਟਰਸਾਈਕਲ 'ਤੇ ਬਿਠਾ ਕੇ ਗਰਭਵਤੀ ਨੂੰ ਪਹੁੰਚਾਇਆ ਹਸਪਤਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਸਪਤਾਲ ਪੁੱਜਣ ਮਗਰੋਂ ਡਾਕਟਰਾਂ ਨੇ 27 ਕਿਲੋਮੀਟਰ ਦੂਰ ਸਦਰ ਹਸਪਤਾਲ ਲਈ ਰੈਫ਼ਰ ਕਰ ਦਿਤਾ

Denied ambulance, Jharkhand family rushes pregnant woman to hospital on bike

ਰਾਂਚੀ : ਝਾਰਖੰਡ ਵਿਚ ਗਰਭਵਤੀ ਔਰਤ ਨੂੰ ਪਹਿਲਾਂ ਤਾਂ ਐਂਬੂਲੈਂਸ ਨਾ ਦਿਤੀ ਗਈ ਅਤੇ ਬਾਅਦ ਵਿਚ ਉਸ ਨੂੰ ਇਕ ਹਸਤਪਾਲ ਤੋਂ ਦੂਜੇ ਹਸਤਪਾਲ ਲਈ ਰੈਫ਼ਰ ਕੀਤਾ ਗਿਆ। ਇਹ ਘਟਨਾ ਝਾਰਖੰਡ ਦੇ ਲਤੇਹਾਰ ਜ਼ਿਲ੍ਹੇ ਦਾ ਚਾਂਡਵਾ ਬਲਾਕ ਦੀ ਹੈ ਜਿਥੇ ਇਕ ਗਰਭਵਤੀ ਮਹਿਲਾ 30 ਸਾਲਾ ਸ਼ਾਂਤੀ ਦੇਵੀ ਨੂੰ ਐਂਬੂਲੈਂਸ ਨਾ ਮਿਲਣ ਕਾਰਨ ਉਸ ਦੇ ਪਰਵਾਰ ਨੇ ਮੋਟਰਸਾਈਕਲ 'ਤੇ ਬਿਠਾ ਕੇ ਲਗਭਗ 10 ਕਿਲੋਮੀਟਰ ਦੂਰ ਸਥਿਤ ਚਾਂਡਵਾ ਸਿਹਤ ਕੇਂਦਰ ਪਹੁੰਚਾਇਆ ਗਿਆ।

ਇਥੋਂ ਦੇ ਡਾਕਟਰਾਂ ਨੇ ਉਸ ਨੂੰ 27 ਕਿਲੋਮੀਟਰ ਦੂਰ ਲਤੇਹਾਰ ਸਦਰ ਹਸਪਤਾਲ ਲਈ ਰੈਫ਼ਰ ਕਰ ਦਿਤਾ ਅਤੇ ਇਸ ਵਾਰ ਮਹਿਲਾ ਨੂੰ ਐਂਬੂਲੈਂਸ ਰਾਹੀਂ ਉਥੇ ਲਿਜਾਇਆ ਗਿਆ। ਗੰਭੀਰ ਹਾਲਤ ਵਿਚ ਲਤੇਹਾਰ ਹਸਪਤਾਲ ਪੁੱਜਣ 'ਤੇ ਇਥੋਂ ਦੇ ਡਾਕਟਰਾਂ ਨੇ ਵਧੀਆ ਸਹੂਲਤ ਦੇਣ ਲਈ ਉਸ ਨੂੰ ਰਾਂਚੀ ਸਥਿਤ ਰਿਮਸ ਹਸਪਤਾਲ ਲਈ ਰੈਫ਼ਰ ਕਰ ਦਿਤਾ ਜਿਥੇ ਮਹਿਲਾ ਨੂੰ ਆਖ਼ਰ ਦਾਖ਼ਲ ਕਰ ਲਿਆ।

ਗਰਭਵਤੀ ਮਹਿਲਾ ਨੂੰ ਇਕ ਤੋਂ ਦੂਜੇ ਹਸਪਤਾਲ ਲਈ ਰੈਫ਼ਰ ਕਰਨਾ ਹੈਰਾਨ ਕਰ ਦੇਣ ਵਾਲੀ ਘਟਨਾ ਹੈ। ਗਰਭਵਤੀ ਮਹਿਲਾ ਸ਼ਾਂਤੀ ਦੇਵੀ ਦੇ ਪਤੀ ਕਮਲ ਗੰਝੂ ਨੇ ਕਿਹਾ ਕਿ ਐਂਬੂਲੈਂਸ ਦਾ ਪ੍ਰਬੰਧ ਨਾ ਹੋਣ ਕਾਰਨ ਉਸ ਨੇ ਅਪਣੀ ਪਤਨੀ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਹਸਪਤਾਲ ਪਹੁੰਚਾਇਆ ਕਿਉਂਕਿ ਉਸ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਸੀ।

ਸੀਪੀਐਮ ਦੇ ਆਗੂ ਅਯੂਬ ਖ਼ਾਨ ਨੇ ਕਿਹਾ ਕਿ ਸਦਰ ਹਸਪਤਾਲ ਦੇ ਡਾਕਟਰਾਂ ਨੇ ਲਤੇਹਾਰ ਦੇ ਡੀਸੀ ਦੇ ਕਹਿਣ ਦੇ ਬਾਵਜੂਦ ਸ਼ਾਂਤੀ ਦੇਵੀ ਨੂੰ ਖ਼ੂਨ ਚੜ੍ਹਾਉਣ ਤੋਂ ਇਨਕਾਰ ਕਰ ਦਿਤਾ। ਪੀੜਤ ਪਰਵਾਰ ਲਤੇਹਾਰ ਜ਼ਿਲ੍ਹੇ ਦੇ ਚਾਂਡਵਾ ਬਲਾਕ ਵਿਚ ਪੈਂਦੇ ਛਟੌਗ ਪਿੰਡ ਦਾ ਰਹਿਣ ਵਾਲਾ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪਿੰਡ ਉਨ੍ਹਾਂ ਤਿੰਨ ਪਿੰਡਾਂ ਵਿਚ ਸ਼ਾਮਲ ਸੀ ਜਿਸ ਦੀ ਸਥਾਨਕ ਸੰਸਦ ਮੈਂਬਰ ਨੇ ਵਧੀਆ ਪਿੰਡ ਬਣਾਉਣ ਲਈ ਚੋਣ ਕੀਤੀ ਸੀ।