ਅਮਿਤ ਸ਼ਾਹ ਤੇ ਕੇਜਰੀਵਾਲ ਵਲੋਂ 10 ਹਜ਼ਾਰ ਬਿਸਤਰਿਆਂ ਦੇ ਕੋਵਿਡ ਸੈਂਟਰ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਜੰਗੀ ਪੱਧਰ 'ਤੇ ਕੋਰੋਨਾ ਨਾਲ ਲੜ ਰਹੇ ਹਾਂ : ਕੇਜਰੀਵਾਲ

Amit Shah and Arvind Kejriwal

ਨਵੀਂ ਦਿੱਲੀ, 27 ਜੂਨ (ਅਮਨਦੀਪ ਸਿੰਘ): ਕਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਇੰਤਜ਼ਾਮਾਂ ਅਧੀਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਹਿਰੌਲੀ ਛੱਤਰਪੁਰ ਵਿਖੇ ਕਰੋਨਾ ਮਰੀਜ਼ਾਂ ਲਈ ਤਿਆਰ ਹੋਏ 10 ਹਜ਼ਾਰ ਬਿਸਤਰਿਆਂ ਵਾਲੇ ਵੱਡ ਅਕਾਰੀ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਰਾਧਾ ਸੁਆਮੀ ਸਤਿਸੰਗ ਵਲੋਂ ਇਹ ਥਾਂ ਸਰਕਾਰ ਨੂੰ ਦਿਤੀ ਗਈ ਹੈ। ਦਿੱਲੀ ਸਰਕਾਰ ਵਲੋਂ ਜੁਲਾਈ ਤਕ ਦਿੱਲੀ ਵਿਖੇ ਕਰੋਨਾ ਮਰੀਜ਼ਾਂ ਦੀ ਤਾਦਾਦ ਸਾਢੇ ਪੰਜ ਲੱਖ ਤੋਂ ਵੱਧ ਹੋ ਜਾਣ ਪਿਛੋਂ ਇਹ ਕੋਵਿਡ ਸੈਂਟਰ ਜੰਗੀ ਪੱਧਰ 'ਤੇ ਤਿਆਰ ਕੀਤਾ ਗਿਆ ਹੈ। ਕੇਜਰੀਵਾਲ ਨੇ ਦਸਿਆ ਕਿ ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਸੈਂਟਰ ਵਿਖੇ ਡਾਕਟਰੀ ਸੇਵਾਵਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਸੀ। ਹੁਣ ਇਥੇ ਇੰਡੋ ਤਿੱਬਤਨ ਬਾਰਡਰ ਪੁਲਿਸ ( ਆਈਟੀਬੀਪੀ) ਸਮੁੱਚੀ ਡਾਕਟਰੀ ਸੇਵਾਵਾਂ ਸੰਭਾਲੇਗੀ।

ਇਸ ਵਿਚਕਾਰ ਅੱਜ ਦਿੱਲੀ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਜੂਝਣ ਲਈ ਸਾਡੇ ਪੰਜ ਹਥਿਆਰ ਹਨ, ਜਿਨ੍ਹਾਂ 'ਚ ਲੋੜੀਂਦੇ ਬਿਸਤਰੇ, ਟੈਸਟ-ਇਕੱਲ, ਔਕਸੀ ਮੀਟਰ- ਆਕਸੀਜਨ ਕੰਸਟ੍ਰਕਟਰ, ਪਲਾਜ਼ਮਾ ਥੈਰੇਪੀ ਅਤੇ ਸਰਵੇ ਤੇ ਸਕਰੀਨਿੰਗ ਸ਼ਾਮਲ ਹਨ, ਇਨ੍ਹ੍ਹਾਂ ਦੇ ਸਹਾਰੇ ਕਰੋਨਾ ਨੂੰ ਮਾਤ ਦਿਤੀ ਜਾਵੇਗੀ।

ਉਨ੍ਹਾਂ ਹੁਣ ਤਕ ਕਰੋਨਾ ਨਾਲ ਨਜਿੱਠਣ ਲਈ ਸਰਕਾਰੀ ਪੱਧਰ 'ਤੇ ਕੀਤੇ ਜਾ ਰਹੇ ਸੰਘਰਸ਼ ਦੇ ਵੇਰਵੇ ਸਾਂਝੇ ਕਰਦਿਆਂ ਕੇਂਦਰ ਸਰਕਾਰ ਦਾ ਵੀ ਧਨਵਾਦ ਕੀਤਾ ਜਿਨ੍ਹਾਂ ਦਿੱਲੀ ਵਿਚ ਐਂਟੀਜਨ ਟੈਸਟ ਕਿੱਟ ਦਾ ਪ੍ਰਬੰਧ ਕਰ ਕੇ ਦਿਤਾ। ਹੁਣ ਦਿੱਲੀ ਵਿਚ ਰੋਜ਼ 20 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ ਤੇ ਸਰਕਾਰ ਨੇ ਕਰੋਨਾ ਦਾ ਪਤਾ ਲਾਉਣ ਲਈ ਵੱਡੇ ਪੱਧਰ 'ਤੇ ਸਰਵੇ ਕਰਨ ਦੀ ਵੀ ਨੀਤੀ ਘੜੀ ਹੈ।

ਉਨ੍ਹਾਂ ਕਿਹਾ ਕਿ ਤਾਲਾਬੰਦੀ ਕਰ ਕੇ ਲੋਕ ਘਰਾਂ ਵਿਚ ਸੀ, ਜਿਸ ਕਰ ਕੇ ਕਰੋਨਾ ਘੱਟ ਫੈਲਿਆ ਪਰ ਤਾਲਾਬੰਦੀ ਖੁਲ੍ਹਣ ਪਿਛੋਂ 15 ਮਈ ਤੋਂ ਬਾਅਦ ਉਮੀਦ ਤੋਂ ਕਿਤੇ ਵੱਧ ਕੋਰੋਨਾ ਦੇ ਮਾਮਲੇ ਵੱਧ ਗਏ। ਜੂਨ ਦਾ ਪਹਿਲਾ ਹਫ਼ਤਾ ਆਉਂਦੇ ਹੀ ਮਾਮਲੇ ਬਹੁਤ ਵੱਧ ਗਏ ਤੇ ਬਿਸਤਰਿਆਂ ਤੇ ਟੈਸਟਾਂ ਦੀ ਕਮੀ ਹੋਣ ਲੱਗ ਪਈ, ਜਦ ਕਈ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਬਿਸਤਰੇ ਨਹੀਂ ਮਿਲੇ ਤਾਂ ਮੌਤਾਂ ਦੀ ਗਿਣਤੀ ਵੀ ਵਧਣ ਲੱਗ ਗਈ।

ਅਜਿਹੇ ਵਿਚ ਦੋ ਹੀ ਰਾਹ ਸਨ, ਜਾਂ ਤਾਂ ਮੁੜ ਦਿੱਲੀ ਵਿਚ ਤਾਲਾਬੰਦੀ ਕਰਦੇ ਜਾਂ ਦੂਜਾ ਕਰੋਨਾ ਨਾਲ ਪੂਰੀ ਤਾਕਤ ਨਾਲ ਲੜਦੇ। ਜਦੋਂ ਲੋਕ ਪੁੱਛਣ ਲੱਗ ਪਏ ਕਿ ਤਾਲਾਬੰਦੀ ਕਦੋਂ ਖੁਲ੍ਹੇਗੀ ਉਸ ਪਿਛੋਂ ਕਰੋਨਾ ਨਾਲ ਨਜਿੱਠਣ ਦੀ ਪੂਰੀ ਰਣਨੀਤੀ ਉਲੀਕੀ ਗਈ। ਹੁਣ ਦਿੱਲੀ ਵਿਚ ਰੋਜ਼ ਵੱਡੇ ਪੱਧਰ 'ਤੇ ਰੋਜ਼ 20 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ। ਹੁਣ ਹਸਪਤਾਲਾਂ ਵਿਚ ਬਿਸਤਰੇ ਵੀ 13 ਹਜ਼ਾਰ 500 'ਚੋਂ 7500 ਬਿਸਤਰੇ ਖ਼ਾਲੀ ਹਨ।