ਸਰਕਾਰ ਧਰਮ, ਜਾਤ ਜਾਂ ਭਾਸ਼ਾ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਦੀ : ਪ੍ਰਧਾਨ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਸੰਵਿਧਾਨ ਨੂੰ ਦਸਿਆ ਸਰਕਾਰ ਦਾ ਮਾਰਗਦਰਸ਼ਕ

pm narendra modi

ਨਵੀਂ ਦਿੱਲੀ, 27 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਕਿ ਸਰਕਾਰ ਧਰਮ, ਲਿੰਗ, ਜਾਤ, ਨਸਲ ਜਾਂ ਭਾਸ਼ਾ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਦੀ ਅਤੇ 130 ਕਰੋੜ ਭਾਰਤੀਆਂ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਇੱਛਾ ਇਸ ਦੀ ਲੀਡਰਸ਼ਿਪ ਦੇ ਮੂਲ ਵਿਚ ਹੈ। ਸਰਕਾਰ ਦਾ ਮਾਰਗ ਦਰਸ਼ਨ ਭਾਰਤ ਦਾ ਸੰਵਿਧਾਨ ਕਰਦਾ ਹੈ।

ਵੀਡੀਉ ਕਾਨਫਰੰਸਿੰਗ ਜ਼ਰੀਏ ਕੇਰਲ ਦੇ ਪਥਨਮਥਿੱਟਾ 'ਚ ਜੋਸਫ ਮਾਰਥੋਮਾ ਮੈਟਰੋਪੋਲਿਟਮ ਦੇ 90ਵੇਂ ਜੈਅੰਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਿਚ ਆਰਾਮਦਾਇਕ ਸਰਕਾਰੀ ਦਫ਼ਤਰਾਂ ਵਿਚ ਬੈਠ ਕੇ ਫ਼ੈਸਲੇ ਨਹੀਂ ਕੀਤੇ ਬਲਕਿ ਜ਼ਮੀਨੀ ਪੱਧਰ 'ਤੇ ਲੋਕਾਂ ਤੋਂ ਪ੍ਰਤੀਕਿਰਿਆ ਲੈਣ ਤੋਂ ਬਾਅਦ ਫ਼ੈਸਲੇ ਕੀਤੇ ਹਨ। ਮੋਦੀ ਨੇ ਕਿਹਾ ਕਿ ਇਹੀ ਭਾਵਨਾ ਹੈ ਜਿਸ ਨੇ ਯਕੀਨੀ ਕੀਤਾ ਕਿ ਹਰੇਕ ਭਾਰਤੀ ਕੋਲ ਬੈਂਕ ਵਿਚ ਖਾਤਾ ਹੋਵੇ।

ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਲਾਭ ਯੋਜਨਾ ਹੈ ਜਿਸ ਜ਼ਰੀਏ ਇਕ ਕਰੋੜ ਲੋਕਾਂ ਨੂੰ 'ਗੁਣਵਤਾਪੂਰਨ ਇਲਾਜ' ਮਿਲਿਆ ਹੈ। ਮੋਦੀ ਨੇ ਕਿਹਾ ਕਿ ਅਸੀਂ ਯਕੀਨੀ ਕਰ ਰਹੇ ਹਾਂ ਕਿ ਵੱਖ-ਵੱਖ ਯੋਜਨਾਵਾਂ ਜ਼ਰੀਏ ਉਨ੍ਹਾਂ ਦੀ ਸਿਹਤ ਵਲ ਉਚਿਤ ਧਿਆਨ ਦਿੱਤਾ ਜਾਵੇ ਤੇ ਜਣੇਪਾ ਛੁੱਟੀ ਦੀ ਮਿਆਦ ਵਧਾਉਣ ਪਿੱਛੋਂ ਉਨ੍ਹਾਂ ਨੂੰ ਕਰੀਅਰ ਨਾਲ ਸਮਝੌਤਾ ਨਹੀਂ ਕਰਨਾ ਪੈਂਦਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿਤਾ ਕਿ ਭਾਰਤ ਸਰਕਾਰ ਧਰਮ, ਲਿੰਗ, ਜਾਤ, ਭਾਸ਼ਾ ਜਾਂ ਨਸਲ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ 130 ਕਰੋੜ ਭਾਰਤੀਆਂ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਇੱਛਾ ਤੋਂ ਨਿਰਦੇਸ਼ਿਤ ਹੁੰਦੇ ਹਾਂ ਅਤੇ ਸਾਡਾ ਮਾਰਗ ਦਰਸ਼ਨ ਭਾਰਤ ਦਾ ਸੰਵਿਧਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗ਼ਰੀਬਾਂ ਦੀ ਮਦਦ ਲਈ ਇਕ ਰਾਸ਼ਨ ਕਾਰਡ ਯੋਜਨਾ ਲੈ ਕੇ ਆਈ ਅਤੇ ਮੱਧ ਵਰਗ ਲਈ ਜੀਵਨ ਨੂੰ ਸੌਖਿਆਂ ਬਣਾਉਣ ਲਈ ਕਈ ਪਹਿਲਾਂ ਕੀਤੀਆਂ ਗਈਆਂ। (ਪੀਟੀਆਈ)

ਕੋਰੋਨਾ ਨਾਲ ਜੰਗ 'ਚ ਭਾਰਤ ਦੀ ਸਥਿਤੀ ਬਿਹਤਰ

ਭਾਰਤ ਦੀ ਕੋਰੋਨਾ ਨਾਲ ਜੰਗ ਬਾਰੇ ਮੋਦੀ ਨੇ ਕਿਹਾ ਕਿ ਦੇਸ਼ ਪੂਰੀ ਮਜ਼ਬੂਤੀ ਨਾਲ ਆਲਮੀ ਮਹਾਮਾਰੀ ਨਾਲ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ ਦੀ ਸ਼ੁਰੂਆਤ 'ਚ ਕੁਝ ਲੋਕਾਂ ਨੇ ਅਨੁਮਾਨ ਲਾਇਆ ਸੀ ਕਿ ਭਾਰਤ ਵਿਚ ਵਾਇਰਸ ਦਾ ਬਹੁਤ ਗੰਭੀਰ ਅਸਰ ਰਹੇਗਾ ਪਰ ਦੇਸ਼ ਪੱਧਰੀ ਲਾਕਡਾਊਨ, ਲੋਕਾਂ ਵੱਲੋਂ ਲੜੀ ਗਈ ਲੜਾਈ ਤੇ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਕਈ ਪਹਿਲਾਂ ਕਾਰਨ ਭਾਰਤ ਕਈ ਦੇਸ਼ਾਂ ਦੇ ਮੁਕਾਬਲੇ ਬਿਹਤਰ ਸਥਿਤੀ ਵਿਚ ਹੈ। ਭਾਰਤ ਵਿਚ ਕੋਰੋਨਾ ਵਾਇਰਸ ਤੋਂ ਉਭਰਨ ਦੀ ਦਰ ਵੱਧ ਰਹੀ ਹੈ।