ਵਿਆਹ ਵਿਚ 250 ਲੋਕਾਂ ਨੂੰ ਦਿੱਤਾ ਸੱਦਾ, 15 ਬਰਾਤੀ ਹੋਏ ਕੋਰੋਨਾ ਪਾਜ਼ੇਟਿਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਨਾਲ ਲਾੜੇ ਦੇ ਦਾਦੇ ਦੀ ਹੋਈ ਮੌਤ

Corona virus

ਨਵੀਂ ਦਿੱਲੀ: ਕੋਰੋਨਾ ਕਹਿਰ ਦੌਰਾਨ ਇਕ ਪਰਿਵਾਰ ਨੂੰ ਵਿਆਹ ਸਮਾਰੋਹ ਵਿਚ 250 ਲੋਕਾਂ ਨੂੰ ਬੁਲਾਉਣਾ ਭਾਰੀ ਪੈ ਗਿਆ ਹੈ। ਬਰਾਤ ਵਿਚ ਕੋਰੋਨਾ ਵਾਇਰਸ ਅਜਿਹਾ ਫੈਲਿਆ ਕਿ ਵਿਆਹ ਵਿਚ ਸ਼ਾਮਲ ਹੋਣ ਵਾਲੇ ਹੁਣ ਤੱਕ 15 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਕਾਰਨ ਲਾੜੇ ਦੇ ਦਾਦੇ ਦੀ ਮੌਤ ਵੀ ਹੋ ਗਈ।

ਦਰਅਸਲ ਰਾਜਸਥਾਨ ਦੇ ਭੀਲਵਾੜਾ ਵਿਚ ਇਕ ਵਿਆਹ ਸਮਾਰੋਹ ਵਿਚ 250 ਲੋਕ ਸ਼ਾਮਲ ਹੋਏ ਸਨ। ਇਸ ਦੌਰਾਨ 15 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਬਾਅਦ ਲਾੜੇ ਅਤੇ ਉਸ ਦੇ ਪਿਤਾ ਸਮੇਤ 15 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਵਿਆਹ ਵਿਚ ਸ਼ਾਮਲ ਹੋਣ ਵਾਲੇ 127 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਅਤੇ ਇਹਨਾਂ ਦੇ ਇਲਾਜ ‘ਤੇ ਹੋਣ ਵਾਲਾ ਖਰਚਾ ਲਾੜੇ ਦੇ ਪਿਤਾ ਵੱਲੋਂ ਜ਼ੁਰਮਾਨੇ ਵਜੋਂ ਭਰਿਆ ਜਾਵੇਗਾ।

ਭੀਲਵਾੜਾ ਦੇ ਜ਼ਿਲ੍ਹਾ ਮੈਜੀਸਟ੍ਰੇਟ ਰਾਜਿੰਦਰ ਭੱਟ ਨੇ ਨੋਟਿਸ ਜਾਰੀ ਕਰ ਕੇ ਤਹਿਸੀਲਦਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਰਕਮ ਲਾੜੇ ਦੇ ਪਿਤਾ ਵੱਲੋਂ 3 ਦਿਨਾਂ ਦੇ ਅੰਦਰ ਵਸੂਲ ਕੇ ਮੁੱਖ ਮੰਤਰੀ ਰਾਹਤ ਫੰਡ ਵਿਚ ਜਮਾਂ ਕਰਵਾਈ ਜਾਵੇ। ਇਸ ਤੋਂ ਇਲਾਵਾ ਅੱਗੇ ਜੋ ਵੀ ਇਲਾਜ ਵਿਚ ਖਰਚਾ ਆਵੇਗਾ, ਉਸ ਨੂੰ ਜ਼ੁਰਮਾਨੇ ਦੇ ਰੂਪ ਵਿਚ ਲਾੜੇ ਦੇ ਪਰਿਵਾਰ ਕੋਲੋਂ ਵਸੂਲਿਆ ਜਾਵੇਗਾ।

ਸਰਕਾਰ ਦੇ ਮਹਾਂਮਾਰੀ ਐਕਟ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਕਿਸੇ ਵੀ ਵਿਆਹ ਸਮਾਰੋਹ ਵਿਚ 50 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋਣਗੇ ਅਤੇ ਜੋ ਲੋਕ ਇਕੱਠੇ ਹੋਣਗੇ ਉਹਨਾਂ ਲਈ ਵੀ ਕਾਨੂੰਨ ਬਣਾਏ ਗਏ ਹਨ। ਡਾਕਟਰਾਂ ਅਨੁਸਾਰ ਇਸ ਵਿਆਹ ਵਿਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਬਜ਼ੁਰਗ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ। ਇਹਨਾਂ ਵਿਚ ਲਾੜਾ, ਲਾੜੇ ਦੇ ਚਾਚਾ, ਭੂਆ ਆਦਿ ਵੀ ਸ਼ਾਮਲ ਹਨ। ਹਾਲਾਂਕਿ ਇਸ ਦੌਰਾਨ ਲਾੜੇ ਸਮੇਤ 17 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪਾਈ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ