ਕੁਪਵਾੜਾ 'ਚ 65 ਕਰੋੜ ਦੀ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ
ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਪੁਲਿਸ ਅਤੇ ਫ਼ੌਜ ਨੂੰ ਵੱਡੀ ਸਫ਼ਲਤਾ ਮਿਲੀ ਹੈ। ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫਾਸ ਕੀਤਾ ਹੈ।
ਕੁਪਵਾੜਾ, 27 ਜੂਨ : ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਪੁਲਿਸ ਅਤੇ ਫ਼ੌਜ ਨੂੰ ਵੱਡੀ ਸਫ਼ਲਤਾ ਮਿਲੀ ਹੈ। ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫਾਸ ਕੀਤਾ ਹੈ। ਅਤਿਵਾਦੀਆਂ ਦੇ 2 ਮਦਦਗਾਰਾਂ ਕੋਲੋਂ 13.5 ਕਿਲੋ ਹੈਰੋਇਨ ਬਰਾਮਦ ਹੋਈ ਹੈ। ਜਿਸ ਦੀ ਕੀਮਤ 65 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ 2 ਪਿਸਤੌਲਾਂ ਅਤੇ ਚਾਰ ਗ੍ਰਨੇਡ ਵੀ ਬਰਾਮਦ ਹੋਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਤੋਂ ਪਹਿਲਾਂ ਇਸੇ ਮਹੀਨੇ ਦੀ 11 ਤਾਰੀਖ਼ ਨੂੰ ਹੰਦਵਾੜਾ 'ਚ ਵੀ ਪੁਲਿਸ ਨੇ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ। ਇਸ ਦੌਰਾਨ ਲਸ਼ਕਰ-ਏ-ਤੋਇਬਾ ਦੇ ਤਿੰਨ ਮਦਦਗਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਅਤਿਵਾਦੀਆਂ ਦੇ ਮਦਦਗਾਰ ਪਾਕਿਸਤਾਨ 'ਚ ਬੈਠੇ ਅਪਣੇ ਮਾਲਕਾਂ ਦੇ ਸੰਪਰਕ 'ਚ ਸਨ। ਇਨ੍ਹਾਂ ਕੋਲੋਂ 21 ਕਿਲੋ ਹੈਰੋਇਨ, 1.34 ਕਰੋੜ ਰੁਪਏ ਦੀ ਭਾਰਤੀ ਮੁਦਰਾ ਬਰਾਮਦ ਹੋਈ ਸੀ। ਕਸ਼ਮੀਰ ਜ਼ੋਨ ਦੀ ਪੁਲਿਸ ਨੇ ਟਵੀਟ ਕੀਤਾ,''ਕੁਪਵਾੜਾ ਅਤੇ ਫ਼ੌਜ ਨੇ ਅਤਿਵਾਦ-ਨਸ਼ੀਲੇ ਪਦਾਰਥ ਧੰਦੇ ਨਾਲ ਜੁੜੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਅਤੇ ਫ਼ੌਜ ਨੇ ਉਨ੍ਹਾਂ ਕੋਲੋਂ 65 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ।'' ਪੁਲਿਸ ਅਨੁਸਾਰ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ। (ਪੀਟੀਆਈ)