ਕੋਰੋਨਿਲ ਨੂੰ ਲੈ ਕੇ ਜੈਪੁਰ 'ਚ ਦਰਜ ਹੋਈ ਦੋ ਐਫ਼.ਆਈ.ਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧੀਆਂ

Patanjali

ਜੈਪੁਰ, 27 ਜੂਨ : ਕੋਵਿਡ-19 ਦੇ ਇਲਾਜ ਦੀ ਦਵਾਈ 'ਕੋਰੋਨਿਲ' ਸਬੰਧੀ ਵਿਵਾਦਾਂ 'ਚ ਆਏ ਬਾਬਾ ਰਾਮਦੇਵ, ਆਚਾਰੀਆ ਬਾਲਕ੍ਰਿਸ਼ਨ, ਪਤੰਜਲੀ ਰਿਸਰਚ ਇੰਸਟਿਚਊਟ ਦੇ ਵਿਗਿਆਨੀ ਅਨੁਰਾਗ, ਜੈਪੁਰ ਦੀ ਨੈਸ਼ਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਨਿਮਸ) ਦੇ ਚੇਅਰਮੈਨ ਡਾ. ਬੀਐੱਸ ਤੋਮਰ ਤੇ ਉਨ੍ਹਾਂ ਦੇ ਪੁੱਤਰ ਅਨੁਰਾਗ ਤੋਮਰ ਖ਼ਿਲਾਫ਼ ਸ਼ਹਿਰ ਦੇ ਦੋ ਵੱਖ-ਵੱਢ ਪੁਲਿਸ ਥਾਣਿਆਂ 'ਚ ਐੱਫਆਈਆਰ ਦਰਜ ਹੋਈ ਹੈ। ਇਨ੍ਹਾਂ ਦੋਵਾਂ ਰੀਪੋਰਟਾਂ 'ਚ ਬਾਬਾ ਰਾਮਦੇਵ ਤੇ ਚਾਰ ਹੋਰਨਾਂ 'ਤੇ ਧੋਖਾਧੜੀ, ਸਾਜਸ਼ ਸਮੇਤ ਕਈ ਦੋਸ਼ ਲਾਏ ਗਏ ਹਨ।

ਦੂਜੇ ਪਾਸੇ ਰਾਜਸਥਾਨ ਮੈਡੀਕਲ ਵਿਭਾਗ ਪਤੰਜਲੀ ਤੇ ਦਿਵਯ ਫ਼ਾਰਮੇਸੀ ਦੇ ਉਤਪਾਦਾਂ ਦੀ ਜਾਂਚ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਕੋਰੋਨਿਲ ਦੀ ਵਿਕਰੀ 'ਤੇ ਰੋਕ ਲਾਉਣ ਤੋਂ ਬਾਅਦ ਸੂਬੇ ਦੇ ਮੈਡੀਕਲ ਮੰਤਰੀ ਡਾ. ਰਘੂ ਸ਼ਰਮਾ ਨੇ ਸਨਿਚਰਵਾਰ ਨੂੰ ਮੁੜ ਕਿਹਾ ਕਿ ਬਾਬਾ ਰਾਮਦੇਵ ਨੇ ਅਪਰਾਧ ਕੀਤਾ ਹੈ। ਸਰਕਾਰ ਦੀ ਬਿਨਾਂ ਇਜਾਜ਼ਤ ਦੇ ਦਵਾਈ ਦਾ ਕਲੀਨੀਕਲ ਟ੍ਰਾਇਲ ਕਰਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਇਨ੍ਹਾਂ ਵਿਰੁਧ ਸਖ਼ਤ ਕਦਮ ਚੁੱਕੇ ਜਾਣਗੇ। ਸੂਬੇ 'ਚ ਦਵਾਈ ਵਿਕਦੀ ਦਿਸੀ ਤਾਂ ਬਾਬਾ ਰਾਮਦੇਵ ਜੇਲ ਜਾਵੇਗਾ।

ਡਾ. ਸ਼ਰਮਾ ਨੇ ਅਧਿਕਾਰੀਆਂ ਨੂੰ ਹਦਾਇਤ ਦਿਤੀ ਹੈ ਕਿ ਉਹ ਨਿਮਸ ਯੂਨੀਵਰਸਿਟੀ ਦੇ ਹਸਪਤਾਲ ਦੇ ਪ੍ਰਸ਼ਾਸਕਾਂ ਨਾਲ ਇਸ ਮਾਮਲੇ 'ਚ ਸਪੱਸ਼ਟੀਕਰਨ ਮੰਗਣ ਤੇ ਲੋੜੀਂਦੀ ਕਾਰਵਾਈ ਕਰਨ। ਓਧਰ ਜੈਪੁਰ ਪੁਲਿਸ ਦੀ ਟੀਮ ਜਾਂਚ ਦੇ ਸਿਲਸਿਲੇ 'ਚ ਪਤੰਜਲੀ ਤੇ ਦਿਵਯ ਫਾਰਮੇਸੀ ਦੇ ਹਰਿਦੁਆਰ ਸਥਿਤ ਹੈੱਡਕੁਆਰਟਰ ਜਾਣ 'ਤੇ ਵਿਚਾਰ ਕਰ ਰਹੀ ਹੈ। ਇਸ ਤੋਂ ਪਹਿਲਾਂ ਇਹ ਟੀਮ ਨਿਮਸ ਯੂਨੀਵਰਸਿਟੀ ਤੇ ਇਸ ਦੇ ਹਸਪਤਾਲ ਦੇ ਪ੍ਰਬੰਧਕਾਂ ਤੋਂ ਪੁੱਛਗਿੱਛ ਕਰੇਗੀ।
(ਏਜੰਸੀ)