Telangana Blast : ਤੇਲੰਗਾਨਾ 'ਚ ਕੱਚ ਦੀ ਫੈਕਟਰੀ 'ਚ ਧਮਾਕਾ, 5 ਮਜ਼ਦੂਰਾਂ ਦੀ ਮੌਤ, 15 ਲੋਕ ਬੁਰੀ ਤਰ੍ਹਾਂ ਝੁਲਸੇ
ਧਮਾਕੇ ਕਾਰਨ ਪੂਰੀ ਫੈਕਟਰੀ ਵਿੱਚ ਅੱਗ ਫੈਲ ਗਈ
Telangana Blast : ਤੇਲੰਗਾਨਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸ਼ੁੱਕਰਵਾਰ ਨੂੰ ਇਕ ਕੱਚ ਦੀ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਅੱਗ ਲੱਗ ਗਈ। ਇਸ ਘਟਨਾ ਕਾਰਨ ਫੈਕਟਰੀ 'ਚ ਕੰਮ ਕਰਦੇ 5 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਮੌਜੂਦ ਹਨ।
ਇਹ ਘਟਨਾ ਹੈਦਰਾਬਾਦ ਤੋਂ ਕਰੀਬ 55 ਕਿਲੋਮੀਟਰ ਦੂਰ ਸ਼ਾਦਨਗਰ 'ਚ ਵਾਪਰੀ। ਸ਼ਾਮ ਕਰੀਬ 4.30 ਵਜੇ ਸਾਊਥ ਗਲਾਸ ਫੈਕਟਰੀ ਦੇ ਇੱਕ ਟੈਂਕ ਵਿੱਚ ਧਮਾਕਾ ਹੋਇਆ। ਧਮਾਕੇ ਕਾਰਨ ਪੂਰੀ ਫੈਕਟਰੀ ਵਿੱਚ ਅੱਗ ਫੈਲ ਗਈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਗਦੜ ਮਚ ਗਈ। ਹਰ ਕੋਈ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗਾ। ਇਸ ਦੌਰਾਨ ਕਿਸੇ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਮਾਮਲੇ ਦੀ ਸੂਚਨਾ ਦਿੱਤੀ।
ਬਚਾਅ ਕਾਰਜ 'ਚ ਜੁਟਿਆ ਪ੍ਰਸ਼ਾਸਨ
ਸੂਚਨਾ ਮਿਲਣ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਫੈਕਟਰੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਹਾਦਸੇ 'ਚ 5 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਝੁਲਸ ਗਏ। ਪੁਲਸ ਨੇ ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਹਾਲਾਂਕਿ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਵਿੱਚ ਯੂਪੀ, ਬਿਹਾਰ ਅਤੇ ਉੜੀਸਾ ਦੇ ਮਜ਼ਦੂਰ ਕੰਮ ਕਰਦੇ ਹਨ। ਮਰਨ ਵਾਲਿਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਮਾਮਲੇ ਨੂੰ ਲੈ ਕੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਜ਼ਖਮੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਦਫ਼ਤਰ ਨੇ ਕੁਲੈਕਟਰ ਅਤੇ ਪੁਲਿਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ।